ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਪਿਛਲੇ ਦਿਨੀਂ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਲਿਫ਼ਟ ਬੰਦ ਹੋਣ ਕਾਰਨ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਐਡਵੋਕੇਟ ਪਰਮਿੰਦਰ ਕੁੱਕੀ ਨੂੰ ਸਮੂਹ ਵਕੀਲ ਭਾਈਚਾਰੇ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਲਿਫ਼ਟ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਬੰਦ ਹੋ ਗਈ ਸੀ, ਜਿਸ ਕਾਰਨ ਲਿਫ਼ਟ ਵਿਚ ਇਕ ਪੁਲਿਸ ਮੁਲਾਜ਼ਮ ਅਤੇ ਇਕ ਵਕੀਲ ਸਮੇਤ 17 ਲੋਕ ਲਿਫ਼ਟ ਅੰਦਰ ਫਸ ਗਏ ਸਨ | ਲਿਫ਼ਟ ਦੇ ਬਾਹਰ ਖੜ੍ਹੇ ਐਡਵੋਕੇਟ ਪਰਮਿੰਦਰ ਕੁੱਕੀ ਨੇ ਹਿੰਮਤ ਦਿਖਾਉਂਦਿਆਂ ਸਾਥੀਆਂ ਦੀ ਮਦਦ ਨਾਲ ਲਿਫ਼ਟ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਉਦਮ ਸ਼ੁਰੂ ਕੀਤਾ ਅਤੇ ਸਾਰੇ ਲੋਕਾਂ ਨੂੰ ਲਿਫ਼ਟ ਵਿਚ ਸੁਰੱਖਿਅਤ ਬਾਹਰ ਕੱਢਿਆ | ਉਨ੍ਹਾਂ ਐਡਵੋਕੇਟ ਪਰਮਿੰਦਰ ਕੁੱਕੀ ਵਲੋਂ ਦਿਖਾਈ ਇਸ ਬਹਾਦਰੀ ਦੀ ਸ਼ਲਾਘਾ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਐਡਵੋਕੇਟ ਨਵੀਨ ਸ਼ਰਮਾ, ਰਾਹੁਲ ਸ਼ਰਮਾ, ਰਬਿਆ ਬੰਸਲ, ਜਸਜਾਤ ਬੱਤਰਾ, ਕਮਲਜੀਤ ਕੌਰ, ਦੇਵ, ਅਤੁੱਲ ਕਸ਼ਯਪ, ਸੁਮਨ ਸਿੰਘ ਆਦਿ ਹਾਜ਼ਰ ਸਨ |