ਲੁਧਿਆਣਾ, 16 ਅਪ੍ਰੈਲ (ਡਾ. ਤਰਲੋਚਨ ਸਿੰਘ)-ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦੁਰ ਸਾਹਿਬ (ਚੈ.) ਹਸਪਤਾਲ ਵਲੋਂ 'ਖੋਜ ਵਿਧੀ' ਵਿਸ਼ੇ 'ਤੇ ਰਾਜ-ਪੱਧਰੀ ਵਰਕਸ਼ਾਪ ਟ੍ਰੇਨਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਪੰਜਾਬ ਸ਼ਾਖਾ ਦੇ ਸਹਿਯੋਗ ਨਾਲ ਕਾਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਹਰਮੀਤ ਕੌਰ ਕੰਗ, ਪ੍ਰਧਾਨ, ਟੀ.ਐਨ.ਏ.ਆਈ., ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੰਸਥਾ ਦੇ ਪ੍ਰਧਾਨ ਅਮਰਦੀਪ ਸਿੰਘ ਬਖ਼ਸ਼ੀ, ਬਲਜੀਤ ਸਿੰਘ ਮੱਕੜ, ਜੋਗਿੰਦਰ ਸਿੰਘ ਇਰੋਜ਼, ਡਾ. ਦਲਜੀਤ ਸਿੰਘ, ਨੀਰਜ ਸਿੰਗਲਾ ਅਤੇ ਨਰਸਿੰਗ ਸੁਪਰਿੰਟੈਂਡੈਂਟ ਅਮਰਜੀਤ ਕੌਰ ਸ਼ਾਮਿਲ ਹੋਏ | ਇੰਸਟੀਚਿਊਟ ਦੇ ਡਾਇਰੈਕਟਰ ਡਾ. ਜਸਬੀਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਸ਼ਮਾ ਰੌਸ਼ਨ ਕਰਨ ਦੀ ਬੇਨਤੀ ਕੀਤੀ | ਇਸ ਮੌਕੇ ਡਾ. ਜਸਬੀਰ ਕੌਰ ਵਲੋਂ ਲਿਖੀ ਗਈ ਮਾਨਸਿਕ ਸਿਹਤ ਸਬੰਧੀ ਕਿਤਾਬ ਵੀ ਮਹਿਮਾਨਾਂ ਵਲੋਂ ਰਿਲੀਜ਼ ਕੀਤੀ ਗਈ | ਪ੍ਰੋਗਰਾਮ ਦਾ ਸ਼ੁੱਭ ਆਰੰਭ ਰਜਿਸਟ੍ਰੇਸ਼ਨ ਅਤੇ ਪ੍ਰੀ-ਟੈਸਟ ਨਾਲ ਕੀਤਾ ਗਿਆ | ਵਿਗਿਆਨਕ ਸੈਸ਼ਨਾਂ ਦੌਰਾਨ ਮਾਹਿਰਾਂ ਵਲੋਂ ਗਿਆਨਪੂਰਨ ਵਿਚਾਰ ਪੇਸ਼ ਕੀਤੇ ਗਏ | ਵਾਈਸ ਪਿ੍ੰਸੀਪਲ ਪ੍ਰੋ. ਅਮਨਦੀਪ ਕੌਰ ਵਲੋਂ ਰਿਸਰਚ ਅਤੇ ਮੈਥਡੋਲੋਜੀ ਦੇ ਵੱਖ-ਵੱਖ ਪੜਾਅ ਬਾਰੇ ਸੰਖੇਪ ਤੇ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਗਈ | ਡਾ. ਪ੍ਰਭਜੋਤ ਕੌਰ ਸੈਣੀ ਨੇ ਰਿਸਰਚ ਦੇ ਖੇਤਰ ਵਿਚ ਕੁਆਲਿਟੇਟਿਵ ਰਿਸਰਚ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਸੇ ਵੀ ਬਿਮਾਰੀ ਦੇ ਕਾਰਨਾਂ ਅਤੇ ਪ੍ਰਭਾਵਾਂ ਦੇ ਆਪਸੀ ਸਬੰਧ ਨੂੰ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ | ਡਾ. ਭਾਰਤ ਪਰੀਕ ਵਲੋਂ ਪ੍ਰਯੋਗਾਤਮਿਕ ਰਿਸਰਚ ਡਿਜ਼ਾਈਨ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ ਗਿਆ, ਜਿਸ ਨਾਲ ਭਾਗੀਦਾਰਾਂ ਨੂੰ ਰਿਸਰਚ ਡਿਜ਼ਾਈਨਾਂ ਦੀ ਗਹਿਰਾਈ ਨਾਲ ਸਮਝ ਪ੍ਰਾਪਤ ਹੋਈ | ਅਗਲੇ ਸੈਸ਼ਨ ਵਿਚ ਡਾ. ਹਰਮੀਤ ਕੌਰ ਕੰਗ ਵਲੋਂ ''ਮਿਕਸਡ ਮੈਥਡ ਰਿਸਰਚ ਡਿਜ਼ਾਈਨ'' ਬਾਰੇ ਵਿਦਵਤਪੂਰਨ ਅਤੇ ਗਹਿਰਾਈ ਭਰਪੂਰ ਪ੍ਰਸਤੁਤੀ ਦਿੱਤੀ ਗਈ, ਜਿਸ ਵਿਚ ਉਨਾਂ ਨੇ ਪ੍ਰਭਾਵਸ਼ਾਲੀ ਰਿਸਰਚ ਕਰਨ ਦੇ ਤਰੀਕਿਆਂ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ | ਉਨਾਂ ਦੇ ਵਿਚਾਰਾਂ ਨੇ ਭਾਗੀਦਾਰਾਂ ਨੂੰ ਆਧੁਨਿਕ ਰਿਸਰਚ ਪ੍ਰਣਾਲੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਪ੍ਰੋ. ਹਰਪ੍ਰੀਤ ਕੌਰ ਵਲੋਂ ''ਰਿਸਰਚ ਸਮੱਸਿਆਵਾਂ 'ਤੇ ਪ੍ਰਯੋਗਾਤਮਿਕ ਅਭਿਆਸ'' ਸੈਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ | ਜਿਸ ਦੌਰਾਨ ਉਨਾਂ ਨੇ ਭਾਗੀਦਾਰਾਂ ਨੂੰ ਵਿਹਾਰਕ ਤੌਰ 'ਤੇ ਰਿਸਰਚ ਸਮੱਸਿਆਵਾਂ ਦੀ ਪਛਾਣ ਅਤੇ ਉਨਾਂ ਦੀ ਵਿਗਿਆਨਕ ਰਚਨਾ ਕਰਨ ਦੇ ਤਰੀਕਿਆਂ ਬਾਰੇ ਵਿਸਤਰਿਤ ਦਿਸ਼ਾ-ਨਿਰਦੇਸ਼ ਦਿੱਤੇ | ਅੰਤ ਵਿਚ ਪੋਸਟ-ਟੈਸਟ ਕਰਵਾਇਆ ਗਿਆ ਅਤੇ ਭਾਗੀਦਾਰਾਂ ਦੀ ਸਿੱਖਿਆ ਦਾ ਮੁਲਾਂਕਣ ਕੀਤਾ ਗਿਆ | ਇਸ ਨੂੰ ਪੀ.ਐਨ.ਆਰ.ਸੀ. ਵਲੋਂ 5 ਕਰੈਡਿਟ ਘੰਟਿਆਂ ਦੀ ਮਾਨਤਾ ਵੀ ਮਿਲੀ | ਵਰਕਸ਼ਾਪ ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਪਿ੍ੰਸੀਪਲਾਂ ਅਤੇ ਵਿਦਿਆਰਥੀਆਂ ਸਮੇਤ ਲਗਭਗ 150 ਭਾਗੀਦਾਰਾਂ ਨੇ ਹਿੱਸਾ ਲਿਆ |