ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਵਿਜੀਲੈਂਸ ਵਲੋਂ 10ਵੀਂ ਦਾ ਸਰਟੀਫਿਕੇਟ ਬਣਾਉਣ ਬਦਲੇ ਰਿਸ਼ਵਤ ਲੈਣ ਵਾਲੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਪਿ੍ੰਸੀਪਲ ਗੁਰਮੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਦਫ਼ਤਰ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿਚ ਇਕਬਾਲ ਸਿੰਘ ਵਾਸੀ ਪਿੰਡ ਮੋਹੀ ਨੇ ਦੱਸਿਆ ਕਿ ਉਸਦੇ ਪਿੰਡ ਦਾ ਨੌਜਵਾਨ ਬਲਰਾਜ ਸਿੰਘ ਉਸ ਪਾਸ ਆਇਆ ਅਤੇ ਦੱਸਿਆ ਕਿ ਉਸਨੇ ਦਸਵੀਂ ਜਮਾਤ ਕੋਰੋਨਾ ਕਾਲ ਦੌਰਾਨ ਸਾਲ 2020 ਵਿਚ ਪਾਸ ਕੀਤੀ ਸੀ, ਜਿਸ ਕਰਕੇ ਉਸਦਾ ਸਰਟੀਫਿਕੇਟ ਪ੍ਰਾਪਤ ਨਹੀਂ ਹੋਇਆ ਅਤੇ ਹੁਣ ਉਹ ਪੰਜਾਬ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਹੈ, ਇਸ ਲਈ ਉਸ ਨੰੂ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ | ਨੌਜਵਾਨ ਨੇ ਦੱਸਿਆ ਕਿ ਉਸਨੇ ਮਾਰਚ 'ਚ ਡੁਪਲੀਕੇਟ ਸਰਟੀਫਿਕੇਟ ਕੈਫ਼ੇ ਤੋਂ ਅਪਲਾਈ ਕੀਤਾ ਸੀ, ਜੋ ਹਾਸਿਲ ਨਹੀਂ ਹੋਇਆ | ਮੁੱਦਈ ਨੇ ਦੱਸਿਆ ਕਿ ਬਲਰਾਜ ਸਿੰਘ ਅਤੇ ਉਸਦੇ ਨਾਨਾ ਬਲਜਿੰਦਰ ਸਿੰਘ ਨੂੰ ਨਾਲ ਲੈ ਕੇ ਪਿ੍ੰਸੀਪਲ ਗੁਰਮੀਤ ਸਿੰਘ ਨੂੰ ਮਿਲੇ | ਪਿ੍ੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਬਲਰਾਜ ਸਿੰਘ ਦਾ ਸਰਟੀਫਿਕੇਟ ਜਿਵੇਂ ਪਾਸਪੋਰਟ ਤਤਕਾਲ ਵਿਚ ਜਲਦੀ ਬਣਦਾ ਹੈ, ਉਸੇ ਤਰ੍ਹਾਂ ਵਾਧੂ ਫ਼ੀਸ ਦੇ ਕੇ ਇਕ ਹਫ਼ਤੇ ਵਿਚ ਦਸਵੀਂ ਦਾ ਸਰਟੀਫਿਕੇਟ ਬਣਵਾ ਦੇਵੇਗਾ, ਕਿਉਂਕਿ ਉਸਦੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਕਾਫ਼ੀ ਜਾਣ-ਪਹਿਚਾਣ ਹੈ | ਪਿ੍ੰਸੀਪਲ ਨੇ ਸਰਟੀਫਿਕੇਟ ਬਣਾਉਣ ਬਦਲੇ ਉਨ੍ਹਾਂ ਪਾਸੋਂ 15 ਹਜ਼ਾਰ 800 ਰੁਪਏ ਦੀ ਮੰਗ ਕੀਤੀ ਅਤੇ 10 ਹਜ਼ਾਰ ਰੁਪਏ ਮੌਕੇ 'ਤੇ ਹੀ ਹਾਸਿਲ ਕਰ ਲਏ ਅਤੇ ਬਾਕੀ ਰਹਿੰਦੀ ਰਕਮ 5 ਹਜ਼ਾਰ 800 ਦੀ ਬਜਾਏ ਉਕਾ-ਪੁਕਾ 6 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ | ਮੁੱਦਈ ਨੇ ਇਹ ਸਾਰਾ ਮਾਮਲਾ ਵਿਜੀਲੈਂਸ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ | ਡੀ.ਐਸ.ਪੀ. ਸ਼ਿਵ ਚੰਦ ਪੀ.ਪੀ.ਐਸ. ਵਿਜੀਲੈਂਸ ਬਿਊਰੋ ਨੇ ਤੁਰੰਤ ਕਾਰਵਾਈ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਿ੍ੰਸੀਪਲ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ |