ਲੁਧਿਆਣਾ, 16 ਅਪ੍ਰੈਲ (ਜਸਵਿੰਦਰ ਸਿੰਘ)- ਅੰਤਰ-ਅਨੁਸ਼ਾਸਨੀ ਖੋਜ ਸਹਿਯੋਗ ਵੱਲ ਇਕ ਮਹੱਤਵਪੂਰਨ ਕਦਮ ਵਧਾਉਣ ਲਈ ਵੈਟਰਨਰੀ ਯੂਨੀਵਰਸਿਟੀ ਦੇ ਉਪ - ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੂਜਾ ਨੇ ਹਸਤਾਖ਼ਰ ਕੀਤੇ | ਡਾ. ਸਵਰਨ ਸਿੰਘ ਰੰਧਾਵਾ, ਖੋਜ ਨਿਰਦੇਸ਼ਕ, ਡਾ. ਕੁਲਦੀਪ ਗੁਪਤਾ, ਮੁਖੀ, ਵੈਟਨਰੀ ਪਥਾਲੋਜੀ ਵਿਭਾਗ ਅਤੇ ਡਾ. ਨਿਤਿਨ ਦੇਵ ਸਿੰਘ ਨੇ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ | ਡਾ. ਗਿੱਲ ਨੇ ਖੁਲਾਸਾ ਕੀਤਾ ਕਿ ਇਸ ਸਹਿਯੋਗ ਦਾ ਉਦੇਸ਼ ਅਤਿ-ਆਧੁਨਿਕ ਖੋਜ ਖੇਤਰਾਂ ਵਿਚ ਨਵੇਂ ਰਸਤੇ ਖੋਲ੍ਹਣਾ ਹੈ, ਜਿਸ ਵਿਚ ਵੈਟਰਨਰੀ ਅਤੇ ਬਾਇਓਮੈਡੀਕਲ ਵਿਗਿਆਨ, ਟਿਊਮਰ ਬਾਇਓਲੋਜੀ, ਅਤੇ ਛੂਤ ਦੀਆਂ ਬਿਮਾਰੀਆਂ ਵਿਚ ਮਸਨੂਈ ਬੁੱਧੀ ਦੀ ਵਰਤੋਂ ਸ਼ਾਮਲ ਹਨ | ਇਸ ਸਾਂਝੇਦਾਰੀ ਤੋਂ ਦੋਵਾਂ ਸੰਸਥਾਵਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਸੁਚੱਜੇ ਉਪਰਾਲੇ ਕੀਤੇ ਜਾਣਗੇ | ਦੋਵਾਂ ਸੰਸਥਾਵਾਂ ਦੇ ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ਨਵੇਂ ਯੁੱਗ ਦੇ ਨਿਰੀਖਣ ਢੰਗ, ਡਾਟਾ-ਸੰਚਾਲਿਤ ਬਿਮਾਰੀ ਨਮੂਨਾ ਵਿਕਸਿਤ ਕਰਨ ਅਤੇ ਨਵੀਂਆਂ ਇਲਾਜ ਰਣਨੀਤੀਆਂ ਦੇ ਵਿਕਾਸ ਨੂੰ ਅੱਗੇ ਵਧਾਏਗਾ, ਜਿਸ ਨਾਲ ਜਾਨਵਰਾਂ ਅਤੇ ਮਨੁੱਖੀ ਸਿਹਤ ਖੇਤਰ ਦੋਵਾਂ ਨੂੰ ਲਾਭ ਹੋਵੇਗਾ |