ਲੁਧਿਆਣਾ, 17 ਅਪ੍ਰੈਲ (ਜਸਵਿੰਦਰ ਸਿੰਘ)-ਡਾ. ਗੁਰਦੀਪ ਸਿੰਘ ਦੱਸਿਆ ਕਿ ਹੁਣ ਤੱਕ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 33 ਲੱਖ ਰੁਪਏ ਤੋਂ ਵੱਧ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਕਰੋਪ ਰੈਜ਼ੀਡਿਉ ਮੈਨੇਜਮੈਂਟ ਸਕੀਮ ਅਧੀਨ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ 'ਤੇ ਜ਼ਿਲੇ ਵਿਚ ਹੁਣ ਤੱਕ 861 ਮਸ਼ੀਨਾਂ ਖਰੀਦਣ 'ਤੇ ਕਿਸਾਨਾਂ ਨੂੰ 26.73 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ | ਇਸ ਸਕੀਮ ਅਧੀਨ ਦਿੱਤੀਆਂ ਗਈਆਂ ਮਸ਼ੀਨਾਂ ਵਿਚ ਸੁਪਰ ਸੀਡਰ, ਮਲਚਰ, ਐਮ.ਬੀ. ਪਲਾਓ, ਬੇਲਰ, ਰੇਕ ਆਦਿ ਮਸ਼ੀਨਾਂ ਸ਼ਾਮਿਲ ਹਨ | ਉਨਾਂ ਆਸ ਜਤਾਈ ਕਿ ਇਨਾਂ ਮਸ਼ੀਨਾਂ ਨੂੰ ਵਰਤ ਕੇ ਕਿਸਾਨ ਅਗਲੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵਧੀਆ ਤਰੀਕੇ ਨਾਲ ਸੰਭਾਲਣਗੇ | ਪਹਿਲੀਆਂ ਮਸ਼ੀਨਾਂ ਤੋਂ ਇਲਾਵਾ 50 ਤੋਂ ਵੱਧ ਹੋਰ ਮਸ਼ੀਨਾਂ ਕੋਆਪਰੇਟਿਵ ਸੁਸਾਇਟੀਆਂ ਵਲੋਂ ਵੀ ਖਰੀਦ ਕੀਤੀਆਂ ਗਈਆਂ ਹਨ, ਜੋ ਕਿ ਜ਼ਿਲੇ ਦੇ ਉਨਾਂ ਛੋਟੇ ਕਿਸਾਨਾਂ ਲਈ ਬਹੁਤ ਸਹਾਈ ਹੋਣਗੀਆਂ, ਜੋ ਆਪ ਮਸ਼ੀਨਰੀ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਕਿਸਾਨ ਅਗਲੇ ਝੋਨੇ ਦੇ ਸੀਜ਼ਨ ਲਈ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਖਰੀਦਣਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਦੇ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ | ਅਪਲਾਈ ਕਰਨ ਦੀ ਅੰਤਿਮ ਮਿਤੀ 24 ਅਪ੍ਰੈਲ ਹੈ |