ਲੁਧਿਆਣਾ, 19 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ, ਸਲੇਮ ਟਾਬਰੀ ਵਿਖੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੱਖ-ਵੱਖ ਕਲਾਸਾਂ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ, ਲੈਕਚਰ ਤੇ ਕਵਿਤਾ ਦੁਆਰਾ ਹਾਜ਼ਰੀ ਭਰੀ ਗਈ | ਇਸ ਮੌਕੇ ਡਾ. ਅਜੀਤ ਸਿੰਘ ਚਾਵਲਾ ਅਤੇ ਸਤਿੰਦਰ ਕੌਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਡਾ. ਅਜੀਤ ਸਿੰਘ ਚਾਵਲਾ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਸਕੂਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿਚ ਸਿੱਖ ਮਿਸ਼ਨਰੀ ਕਾਲਜ ਵਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਦੇ ਦੌਰਾਨ ਜੋ ਵਿਦਿਆਰਥੀ ਅਵੱਲ ਰਹੇ, ਉਹਨਾਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ: ਜਗਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ ਅਤੇ ਬੱਚਿਆਂ ਨੂੰ ਵਧਾਈ ਦਿੱਤੀ | ਸਕੂਲ ਦੇ ਡਾਇਰੈਕਟਰ ਡਾ. ਰਣਜੀਤ ਸਿੰਘ (ਨੈਸ਼ਨਲ ਐਵਾਰਡੀ) ਨੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਉੱਚੀ ਤੇ ਸੁੱਚੀ ਜੀਵਨ-ਜਾਂਚ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਮੈਡਮ ਪਰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ |