ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਸੰਜੇ ਗਾਂਧੀ ਕਾਲੋਨੀ ਵਿਚ ਐਤਵਾਰ ਦੇਰ ਰਾਤ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਹਿੰਸਕ ਝੜਪ ਹੋ ਗਈ | ਲੜਾਈ ਦੌਰਾਨ ਗੋਲੀਆਂ ਚੱਲਣ ਕਾਰਨ ਉੱਥੇ ਦਹਿਸ਼ਤ ਫੈਲ ਗਈ ਅਤੇ ਦੋਵੇਂ ਪਾਸੇ ਇੱਟਾਂ ਤੇ ਬੋਤਲਾਂ ਦੀ ਖੁੱਲ ਕੇ ਵਰਤੋਂ ਕੀਤੀ ਗਈ, ਜਿਸ ਕਾਰਨ ਉੱਥੇ ਸਥਿਤੀ ਤਣਾਅਪੂਰਨ ਹੋ ਗਈ | ਇਹ ਗੁੰਡਾਗਰਦੀ ਇਕ ਘੰਟੇ ਦੇ ਕਰੀਬ ਸਮਾਂ ਜਾਰੀ ਰਹੀ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਨੌਜਵਾਨਾਂ ਦੇ ਦੋ ਗੁੱਟ ਆਪਸ ਵਿਚ ਭਿੜ ਪਏ ਅਤੇ ਇਹਨਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ | ਲੜਾਈ ਦੌਰਾਨ ਇਕ ਗੁੱਟ ਦੇ ਨੌਜਵਾਨਾਂ ਵਲੋਂ ਉੱਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਲੋਕ ਆਪਣੇ ਆਪਣੇ ਘਰਾਂ ਵਿਚ ਚਲੇ ਗਏ | ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਆਸ਼ੀਸ਼ ਅਤੇ ਗਰੇਵਾਲ ਨਾਮੀ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਆਪਸੀ ਰੰਜ਼ਿਸ਼ ਚੱਲ ਰਹੀ ਹੈ | ਕੁੱਝ ਦਿਨ ਪਹਿਲਾਂ ਵੀ ਇਹਨਾਂ ਵਿਚਾਲੇ ਆਪਸੀ ਲੜਾਈ ਹੋਈ ਸੀ, ਪਰ ਮਾਮਲਾ ਸ਼ਾਂਤ ਕਰ ਲਿਆ ਗਿਆ ਸੀ | ਐਤਵਾਰ ਦੁਪਹਿਰ ਇਹਨਾਂ ਨੌਜਵਾਨਾਂ ਵਿਚਾਲੇ ਮੁੜ ਤੋਂ ਤਕਰਾਰ ਹੋਇਆ ਸੀ ਅਤੇ ਇਸ ਟਕਰਾਅ ਦੌਰਾਨ ਅਸ਼ੀਸ਼ ਦੇ ਸੱਟ ਵੀ ਲੱਗੀ ਸੀ | ਬਾਅਦ ਵਿਚ ਇਹ ਉਥੋਂ ਚਲੇ ਗਏ, ਪਰ ਦੇਰ ਰਾਤ ਇਹ ਦੋਵੇਂ ਗੁੱਟ ਆਪਸ ਵਿਚ ਮੁੜ ਤੋਂ ਭਿੜ ਪਏ ਅਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ | ਲੜਾਈ ਦੌਰਾਨ ਚਾਰ ਤੋਂ ਪੰਜ ਰੌਂਦ ਗੋਲੀਆਂ ਵੀ ਚਲਾਈਆਂ ਗਈਆਂ, ਪਰ ਖੁਸ਼ਕਿਸਮਤੀ ਨਾਲ ਗੋਲੀ ਕਿਸੇ ਦੇ ਨਹੀਂ ਲੱਗੀ | ਸੂਚਨਾ ਮਿਲਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ 'ਤੇ ਪਹੁੰਚੀ, ਪਰ ਹਮਲਾਵਰ ਉੱਥੋਂ ਫ਼ਰਾਰ ਹੋ ਚੁੱਕੇ ਸਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਲੁੜੀਂਦੇ ਕਥੀਤ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਸੰਜੇ ਗਾਂਧੀ ਕਾਲੋਨੀ ਵਿਚ ਗੁੰਡਾਗਰਦੀ <br/>
ਅਜੀਤ ਡੈਸਕ
21-04-2026