ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਮੈਡੀਵੇਜ਼ ਹਸਪਤਾਲ, ਲੁਧਿਆਣਾ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਗੰਭੀਰ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਦਿਲ ਦੀ ਬਾਈਪਾਸ ਸਰਜਰੀ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ | ਮੈਡੀਵੇਜ਼ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਜਮੇਰ ਸਿੰਘ ਕਾਲੜਾ ਨੇ ਇਕ ਵਿਸ਼ੇਸ਼ ਮਿਲਣੀ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਵੇਜ਼ ਹਸਪਤਾਲ ਦਾ ਉਨ੍ਹਾਂ ਨੇ ਨਵੰਬਰ ਤੋਂ ਕਾਰਜਭਾਰ ਸੰਭਾਲਿਆ ਸੀ ਅਤੇ ਪਹਿਲੇ ਦਿਨ ਤੋਂ ਹੀ ਦਿਲ ਦੇ ਗੰਭੀਰ ਮਰੀਜ਼ਾਂ ਦੀ ਐਂਜੀਓਪਲਾਸਟੀ (ਦਿਲ ਵਿਚ ਸਟੰਟ ਪਾਉਣੇ), ਗੁਰਦੇ ਦੀਆਂ ਗੰਭੀਰ ਬਿਮਾਰੀਆਂ ਦੇ ਅਪ੍ਰੇਸ਼ਨ, ਪੱਥਰੀ ਦੇ ਅਪ੍ਰੇਸ਼ਨ, ਗਦੂਦਾਂ ਦੇ ਅਪ੍ਰੇਸ਼ਨ, ਡਾਇਲਸਿਸ, ਕੈਂਸਰ ਮਰੀਜ਼ਾਂ ਦੇ ਅਪ੍ਰੇਸ਼ਨ, ਛਾਤੀ ਦੇ ਕੈਂਸਰ ਦੇ ਅਪ੍ਰੇਸ਼ਨ, ਕੀਮੋਥੈਰੇਪੀ, ਛੋਟੇ ਨਵੰਜਮੇ ਬੱਚਿਆਂ ਲਈ ਇਲਾਜ ਅਤੇ ਮਸ਼ੀਨਾਂ ਵਿਚ ਰੱਖਣ ਦੀ ਸਹੂਲਤ ਕਾਰਡ ਤੇ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਇਕ ਕਦਮ ਅੱਗੇ ਹੋਰ ਵਧਾਉਂਦਿਆਂ ਆਯੂਸ਼ਮਾਨ ਕਾਰਡ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਦਿਲ ਦੀ ਬਾਈਪਾਸ ਸਰਜਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਅਧੀਨ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਡਾਇਲਸਿਸ ਦੀਆਂ 10 ਮਸ਼ੀਨਾਂ ਬਿਲਕੁਲ ਨਵੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੁਆਰਾ ਲੋੜਵੰਦ ਮਰੀਜ਼ਾਂ ਦਾ ਡਾਇਲਸਿਸ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਆਧੁਨਿਕ ਤਕਨੀਕ ਦਾ ਆਰ.ਓ. ਹੋਣ ਕਰਕੇ ਮਰੀਜ਼ ਦੇ ਜੀਵਨ ਕਾਲ ਵਿਚ ਵੀ ਵਾਧਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਵਾਸਤੇ 24 ਘੰਟੇ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੀ ਵੀ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ, ਜਿਸ ਕਰਕੇ ਕੰਮਕਾਜੀ ਔਰਤਾਂ ਅਤੇ ਪੁਰਸ਼ਾਂ ਨੂੰ ਸ਼ਾਮ ਨੂੰ ਮਾਹਿਰ ਡਾਕਟਰਾਂ ਨੂੰ ਦਿਖਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਬੀਮੇ ਅਤੇ ਸਰਕਾਰੀ ਸਕੀਮਾਂ ਅਧੀਨ ਆਉਂਦੇ ਕਾਰਡਾਂ ਤੇ ਆ ਰਹੇ ਮਰੀਜ਼ਾਂ ਨੂੰ ਹਰ ਤਰਾਂ ਦੀ ਸਹੂਲਤ ਵੀ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ |