ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਥਾਨਕ ਨਹਿਰੂ ਸਿਧਾਂਤ ਕੇਂਦਰ ਵਿਖੇ 'ਤਹਿਜ਼ੀਬ ਦ ਕਲਚਰ ਆਫ਼ ਲਵ' ਵਲੋਂ ਉਰਦੂ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਸ਼ਾਇਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਏ.ਕੇ. ਸ਼ਰਮਾ, ਸੇਵਾ-ਮੁਕਤ ਆਈ.ਆਰ.ਐਸ. ਮੁੱਖ ਮਹਿਮਾਨ, ਕਰਨਲ ਸੁਦੇਸ਼ ਭਾਂਗਰਾ ਅਤੇ ਸੁਸ਼ੀਲ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਖ਼ੁਸ਼ਬੀਰ ਸਿੰਘ 'ਸ਼ਾਦ' ਨੇ ਕੀਤੀ ਅਤੇ ਮੰਚ ਸੰਚਾਲਨ ਅਜ਼ਹਰ ਇਕਬਾਲ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਕੀਤਾ | ਮੁਸ਼ਹਿਰੇ ਦੇ ਆਰੰਭ ਵਿਚ ਛਾਯਾ ਸ਼ਰਮਾ ਨੇ ਸੰਸਥਾ ਦੇ 18 ਸਾਲਾਂ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਅਸ਼ੋਕ ਧੀਰ ਅਤੇ ਸੁਰਿੰਦਰ ਖੰਨਾ ਨੇ ਆਪਣੇ ਗੀਤਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾਇਆ | ਇਸ ਮੌਕੇ ਚੇਅਰਮੈਨ ਅਨਿਲ ਭਾਰਤੀ ਨੇ ਕਿਹਾ ਕਿ ਸੰਸਥਾ ਹਮੇਸ਼ਾ ਮਿਆਰੀ ਸ਼ਾਇਰੀ ਰਾਹੀਂ ਸਰੋਤਿਆਂ ਵਿਚ ਸੰਵੇਦਨਸ਼ੀਲਤਾ ਅਤੇ ਸੋਚ ਦਾ ਵਿਕਾਸ ਕਰਦੀ ਹੈ | ਮੁਸ਼ਾਇਰੇ ਦੀ ਸ਼ੁਰੂਆਤ ਮਹੇਂਦਰ 'ਸਾਨੀ' ਨੇ ਕੀਤੀ, ਜਿਸ ਤੋਂ ਬਾਅਦ ਰਿਤਾਜ਼ ਮੈਨੀ, ਅੱਬਾਸ 'ਕਮਰ', ਰਸ਼ਮੀ 'ਸਬਾ', ਵਿਸ਼ਾਲ 'ਬਾਗ਼', ਮੁਕੇਸ਼ ਆਲਮ, ਅਜ਼ਹਰ ਇਕਬਾਲ, ਨੁਸਰਤ ਮਹਿੰਦੀ, ਰਾਜੇਸ਼ ਮੋਹਨ, ਤਰਸੇਮ 'ਨੂਰ', ਮਦਨ ਮੋਹਨ 'ਦਾਨਿਸ਼' ਅਤੇ ਖ਼ੁਸ਼ਬੀਰ ਸਿੰਘ 'ਸ਼ਾਦ' ਦੀ ਸ਼ਾਇਰੀ ਨੇ ਮੁਸ਼ਾਇਰੇ ਨੂੰ ਉਚਾਈਆਂ ਤੱਕ ਪਹੁੰਚਾਇਆ | ਅੰਤ ਵਿਚ ਰਾਕੇਸ਼ ਖਰਬੰਦਾ ਨੇ ਸਭ ਦਾ ਧੰਨਵਾਦ ਕੀਤਾ |