ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ ਵਲੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਅਤੇ ਸੰਘਰਸ਼ ਨੂੰ ਸਮਰਪਿਤ ਨਾਟਕ ''ਕਿਸ਼ਤੀਆਂ ਵਿਚ ਜਹਾਜ਼'' ਦਾ ਨਾਟਕ-ਪਾਠ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿਚ ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਨਾਟ-ਪਾਠ ਪੇਸ਼ ਕੀਤਾ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਨੇ ਕੀਤੀ | ਸਮਾਗਮ ਵਿਚ ਡਾ. ਗੁਲਜ਼ਾਰ ਪੰਧੇਰ, ਡਾ. ਹਰੀ ਸਿੰਘ ਜਾਚਕ, ਡਾ. ਨਿਰਮਲ ਜੌੜਾ, ਡਾ. ਸੋਮਾ ਸਬਲੋਕ, ਡਾ. ਗੁਰਇਕਬਾਲ ਸਿੰਘ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਕੇ ਸਾਧੂ ਸਿੰਘ, ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਨਾਟਕਕਾਰ ਮੋਹੀ ਅਮਰਜੀਤ, ਡਾ. ਪੁਸ਼ਪਿੰਦਰਪਾਲ ਸਿੰਘ, ਮੀਤ ਅਨਮੋਲ, ਡਾ. ਸੁਖਦੇਵ ਸਿੰਘ, ਰਣਧੀਰ ਕੰਵਲ, ਦੀਪ ਜਗਦੀਪ, ਬਲਕਾਰ ਸਿੰਘ ਸ਼ਾਮਿਲ ਹੋਏ | ਨਾਟ-ਪਾਠ ਉਪਰੰਤ ਸੁਰਿੰਦਰ ਕੈਲੇ ਨੇ ਕਿਹਾ ਕਿ ਇਹ ਸੋਲੋ ਨਾਟਕ ਹੋ ਨਿੱਬੜਿਆ ਹੈ | ਡਾ. ਗੁਰਇਕਬਾਲ ਸਿੰਘ ਵਲੋਂ ਸਵਾਲ ਕੀਤਾ ਗਿਆ ਕਿ ਨਾਟ-ਪਾਠ ਦੇ ਦੌਰਾਨ ਕਈ ਥਾਵਾਂ 'ਤੇ ਮਹਿਸੂਸ ਹੋਇਆ ਕਿ ਨਾਟਕ ਖਤਮ ਹੋ ਗਿਆ ਹੈ | ਡਾ. ਗੁਲਜ਼ਾਰ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਟਿੱਪਣੀ ਕੀਤੀ ਕਿ ਇਹ ਨਾਟਕ ਦੂਸਰੇ ਵਿਸ਼ਵ ਯੁੱਧ ਸਮੇਂ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿਚ ਪੈਦਾ ਹੋਏ ਕਈ ਸ਼ੰਕਿਆਂ ਨੂੰ ਖੋਜ ਭਰਪੂਰ ਅੰਦਾਜ਼ ਵਿਚ ਦੂਰ ਕਰਦਾ ਹੈ | ਉਨ੍ਹਾਂ ਕਿਹਾ ਕਿ ਡਾ. ਕਾਲੇਪਾਣੀ ਦੀ ਪਤਨੀ ਇੰਦਰ ਕੌਰ ਦੀ ਸ਼ਖ਼ਸੀਅਤ ਉਸਾਰੀ ਨਾਲ ਡਾ. ਕਾਲੇਪਾਣੀ ਬੌਨਾ ਨਹੀਂ ਹੁੰਦਾ, ਸਗੋਂ ਨਾਇਕ ਵਜੋਂ ਉਭਰਦੇ ਹਨ | ਡਾ. ਨਿਰਮਲ ਜੌੜਾ, ਡਾ. ਸੁਖਦੇਵ ਸਿੰਘ, ਦੀਪ ਜਗਦੀਪ, ਮਨਦੀਪ ਕੌਰ ਭੰਮਰਾ ਵਲੋਂ ਕੁੱਝ ਸਵਾਲ ਕੀਤੇ, ਜਿਸ ਦੇ ਜਵਾਬ ਵਿਚ ਡਾ. ਆਤਮਜੀਤ ਨੇ ਦੱਸਿਆ ਕਿ ਇਹ ਨਾਟਕ ਲਿਖਣ ਲਈ 10 ਸਾਲ ਦੀ ਮਿਹਨਤ ਕਰਨੀ ਪਈ ਅਤੇ ਖੋਜ ਕਰਦੇ ਹੋਏ ਕਈ ਕਿਤਾਬਾਂ ਦਾ ਅਧਿਐਨ ਕਰਨ ਉਪਰੰਤ ਹੀ ਨਾਟਕ ਲਿਖਿਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਗੁਰਭਜਨ ਗਿੱਲ ਵਲੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸਾਹਿੱਤ ਅਤੇ ਕੁਰਬਾਨੀ ਸਬੰਧੀ ਵਿਚਾਰ ਰੱਖੇ ਗਏ | ਪੰਜਾਬੀ ਸਾਹਿੱਤ ਅਕਾਦਮੀ ਵਲੋਂ ਕੇ. ਸਾਧੂ ਸਿੰਘ, ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ ਵਲੋਂ ਡਾ. ਆਤਮਜੀਤ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ |