ਲੁਧਿਆਣਾ, 21 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਵੇਂ ਖ਼ਰੀਦੇ ਗਏ ਕੀਟਨਾਸ਼ਕਾਂ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਉਦੇਸ਼ ਨਾਲ, ਨਗਰ ਨਿਗਮ ਦੀ ਖ਼ਰੀਦ ਕਮੇਟੀ ਨੇ ਚੇਅਰਮੈਨ ਅਮਨ ਬੱਗਾ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦੀ ਅਗਵਾਈ ਹੇਠ ਗਿੱਲ ਰੋਡ 'ਤੇ ਸਥਿਤ ਨਗਰ ਨਿਗਮ ਜ਼ੋਨ ਸੀ ਦਫ਼ਤਰ ਵਿਖੇ ਕੀਟਨਾਸ਼ਕਾਂ ਦਾ ਨਿਰੀਖਣ ਕੀਤਾ | ਕੌਂਸਲਰ ਮਨਜੀਤ ਢਿੱਲੋਂ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਨਗਰ ਨਿਗਮ ਸਿਹਤ ਅਧਿਕਾਰੀ ਡਾ. ਵਿਪੁਲ ਮਲਹੋਤਰਾ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਨਿਰੀਖਣ ਦੌਰਾਨ ਮੌਜੂਦ ਸਨ | ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਭਰ ਵਿਚ ਫੋਗਿੰਗ ਲਈ ਨਗਰ ਨਿਗਮ ਵਲੋਂ 3000 ਲੀਟਰ ਕੀਟਨਾਸ਼ਕ ਖ਼ਰੀਦੇ ਗਏ ਹਨ | ਕਮੇਟੀ ਦੇ ਚੇਅਰਮੈਨ ਅਮਨ ਬੱਗਾ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਉਨਾਂ ਦਾ ਉਦੇਸ਼ ਵਸਨੀਕਾਂ ਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣਾ ਹੈ | ਮਾਨਸੂਨ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਵੀ, ਤਿਆਰੀਆਂ ਪਹਿਲਾਂ ਤੋਂ ਹੀ ਕਰ ਲਈਆਂ ਗਈਆਂ ਹਨ | ਖ਼ਰੀਦ ਕਮੇਟੀ ਨਗਰ ਨਿਗਮ ਦੁਆਰਾ ਖ਼ਰੀਦੀ ਗਈ ਸਮਗਰੀ ਦੀ ਚੰਗੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਰੱਖਦੀ ਰਹੇਗੀ |