ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਲੋਂ 'ਪਰਵਾਸ' ਪੱਤਿ੍ਕਾ ਦਾ 47ਵਾਂ ਅੰਕ ਲੋਕ ਅਰਪਣ ਕੀਤਾ ਗਿਆ | ਇਸ ਸਮਾਗਮ ਵਿਚ ਕੈਨੇਡਾ ਵੱਸਦੇ ਉੱਘੇ ਕਹਾਣੀਕਾਰ ਜਰਨੈਲ ਸਿੰਘ (ਦੋ ਟਾਪੂ) ਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੇ ਆਰੰਭ ਵਿਚ ਡਾ. ਸ.ਪ. ਸਿੰਘ ਪ੍ਰਧਾਨ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਰਸਮੀ ਤੌਰ 'ਤੇ ਸਭ ਨੂੰ ਜੀ ਆਇਆਂ ਕਿਹਾ | ਉਨ੍ਹਾਂ ਨੇ ਜਰਨੈਲ ਸਿੰਘ ਦੀ ਹੁਣ ਤੱਕ ਦੀ ਸਾਹਿੱਤਿਕ ਦੇਣ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੀਆਂ ਬਹੁ ਚਰਚਿਤ ਕਹਾਣੀਆਂ ਦੋ ਟਾਪੂ ਅਤੇ ਟਾਵਰਜ਼ ਬਾਰੇ ਵੀ ਵਿਚਾਰ ਚਰਚਾ ਕੀਤੀ | ਇਸ ਮੌਕੇ ਲੇਖਕ ਜਰਨੈਲ ਸਿੰਘ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਪਰਵਾਸੀ ਜੀਵਨ ਅਤੇ ਸਾਹਿੱਤਿਕ ਸਫ਼ਰ ਬਾਰੇ ਗੱਲਬਾਤ ਕੀਤੀ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਹਾਣੀਆਂ ਵਿਸ਼ਵੀ ਸਰੋਕਾਰਾਂ ਅਤੇ ਪਰਵਾਸੀ ਪੰਜਾਬੀਆਂ ਦੇ ਜੀਵਨ ਯਥਾਰਥ ਨਾਲ ਸੰਬੰਧਿਤ ਹਨ | ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਮੈਗਜ਼ੀਨ ਦੇ 47ਵੇਂ ਅੰਕ ਵਿਚ ਪ੍ਰਕਾਸ਼ਿਤ ਰਚਨਾਵਾਂ ਬਾਰੇ ਸੰਖੇਪ ਵਿਚ ਜਾਣ ਪਹਿਚਾਣ ਕਰਵਾਈ | ਉਨ੍ਹਾਂ ਨੇ ਦੱਸਿਆ ਕਿ ਇਸ ਅੰਕ ਵਿਚ ਅਮਰੀਕਾ ਦੇ ਨਾਮਵਰ ਲੇਖਕ ਡਾ. ਜਗਜੀਤ ਬਰਾੜ ਨੂੰ ਵਿਸ਼ੇਸ਼ ਲੇਖਕ ਵਜੋਂ ਛਾਪਿਆ ਗਿਆ ਹੈ | ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਪਰਵਾਸੀ ਪੰਜਾਬੀ ਸਾਹਿੱਤ ਅਤੇ ਅਜੋਕੇ ਪਰਵਾਸ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ | ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਲੋਂ ਜਰਨੈਲ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਹਰਦੀਪ ਸਿੰਘ, ਵਾਈਸ ਪ੍ਰਧਾਨ ਕੁਲਦੀਪ ਸਿੰਘ, ਵਾਈਸ ਪਿ੍ੰਸੀਪਲ ਡਾ. ਸੁਸ਼ਮਿੰਦਰਜੀਤ ਕੌਰ, ਸ਼ਾਇਰ ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਰਜਿੰਦਰ ਸਿੰਘ ਸੰਧੂ ਤੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਅਤੇ ਵਿਦਿਆਰਥੀ ਉਚੇਚੇ ਤੌਰ 'ਤੇ ਹਾਜ਼ਰ ਸਨ | ਸਮਾਗਮ ਦਾ ਸੰਚਾਲਨ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵਲੋਂ ਕੀਤਾ ਗਿਆ |