ਹੰਬੜਾਂ, 24 ਅਪ੍ਰੈਲ (ਮੇਜਰ ਹੰਬੜਾਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਹਾਈਕਮਾਂਡ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਮਹਿਲਾ ਕਾਂਗਰਸੀ ਆਗੂ ਪਰਮਜੀਤ ਕੌਰ ਬਰਾੜ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਰਾੜ ਨੂੰ ਲੁਧਿਆਣਾ ਦਿਹਾਤੀ ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਕਾਂਗਰਸ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ, ਜਿਸ ਨਾਲ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪੰਜ ਹਲਕਿਆਂ ਵਿਚ ਵਿਧਾਨ ਸਭਾ ਹਲਕਾ ਗਿੱਲ, ਲੁਧਿਆਣਾ ਦਿਹਾਤੀ, ਜਗਰਾਉਂ, ਰਾਏਕੋਟ, ਸਾਹਨੇਵਾਲ ਹਲਕੇ ਹਨ, ਜਿੰਨ੍ਹਾਂ 'ਚ ਕਾਂਗਰਸ ਦੇ ਮੁੱਖ ਬੁਲਾਰੇ ਵਜੋਂ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਰਾੜ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ | ਕਾਂਗਰਸ ਦੇ ਮੁੱਖ ਬੁਲਾਰੇ ਨਿਯੁਕਤ ਇੰਦਰਜੀਤ ਸਿੰਘ ਬਰਾੜ ਨੇ ਐੱਮ.ਪੀ. ਅਮਰਿੰਦਰ ਸਿੰਘ ਵੜਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਸਮੇਤ ਕਾਂਗਰਸ ਹਾਈਕਮਾਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ | ਇੰਦਰਜੀਤ ਬਰਾੜ ਨੂੰ ਕਾਂਗਰਸ ਦੇ ਪੰਜ ਹਲਕਿਆਂ ਲਈ ਮੁੱਖ ਬਲਾਰੇ ਲਗਾਉਣ 'ਤੇ ਕਾਂਗਰਸ ਦੇ ਸੁਬਾਈ ਆਗੂ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਸਰਪੰਚ ਮੰਗਾ ਬੱਲੋਕੇ, ਸਾਬਕਾ ਸਰਪੰਚ ਹਰਵਿੰਦਰ ਸਿੰਘ ਗੌਂਸਪੁਰ ਸਮੇਤ ਹੋਰ ਕਾਂਗਰਸੀ ਵਰਕਰਾਂ ਨੇ ਵਧਾਈ ਦਿੱਤੀ ਤੇ ਕਿਹਾ ਕਿ ਸ: ਬਰਾੜ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ |