ਇਆਲੀ/ਥਰੀਕੇ, 24 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਗਿਆਨੀ ਦਿੱਤ ਸਿੰਘ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਸਿੰਘ ਸਭਾ ਲਹਿਰ ਦੇ ਬਾਨੀ, ਪੰਜਾਬੀ ਪੱਤਰਕਾਰੀ ਦੇ ਪਿਤਾਮਾ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਦੇ 176 ਵੇਂ ਜਨਮ ਦਿਹਾੜੇ ਸਬੰਧੀ ਪਿੰਡ ਸਿੰਘਪੁਰਾ ਵਿਖੇ ਸੁਸਾਇਟੀ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਲਖਵਿੰਦਰ ਸਿੰਘ ਘਮਣੇਵਾਲ ਮੈਂਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਕਾਂਗਰਸ ਕਮੇਟੀ, ਪ੍ਰੋਫੈਸਰ ਸੰਦੀਪ ਕੌਰ, ਜਰਨੈਲ ਸਿੰਘ ਭੋਲਾ, ਆਦਿ ਬੁਲਾਰਿਆਂ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਜੀ 21 ਅਪ੍ਰੈਲ, 1850 ਨੂੰ ਜਨਮੇ ਤੇ 6 ਸਤੰਬਰ, 1901 ਨੂੰ ਸਦੀਵੀ ਅਲਵਿਦਾ ਕਹਿ ਗਏ | ਉਹ ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਅਤੇ ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ ਸਨ | ਉਨ੍ਹਾਂ ਨੇ ਆਪਣੇ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ, ਲਿਖਤਾਂ ਅਤੇ ਭਾਸ਼ਣਾਂ ਰਾਹੀਂ ਵਹਿਮਾਂ-ਭਰਮਾਂ, ਫੋਕੇ ਕਰਮ ਕਾਂਡਾਂ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ | ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਦੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਖਿੱਚ ਕੇ ਸੜਕ 'ਤੇ ਸੁੱਟ ਦਿੱਤੀ ਸੀ | ਇਹਨਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵਿਚ ਸਥਾਪਿਤ ਮੂਰਤੀਆਂ ਹਟਾਉਣ ਦੀ ਪਹਿਲਕਦਮੀ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਕੀਤੀ ਸੀ | ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 72 ਪੁਸਤਕਾਂ ਨਾਲ ਭਰ ਕੇ ਉਸ ਦੀ ਗੋਦੀ ਨੂੰ ਹਰਾ-ਭਰਾ ਕਰ ਕੇ ਆਪਣੇ ਖ਼ੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ | ਸਮਾਗਮ ਦੇ ਅੰਤ ਵਿਚ ਬਾਹਰੋਂ ਆਏ ਪਤਵੰਤੇ ਸੱਜਣਾਂ ਨੂੰ ਗਿਆਨੀ ਦਿੱਤ ਸਿੰਘ ਸੋਸਾਇਟੀ ਦੇ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਅਤੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ- ਸੁਸਾਇਟੀ ਇੰਜੀਨੀਅਰ ਨਿਰਮਲ ਸਿੰਘ ਵਿੱਤ ਸਕੱਤਰ, ਲਖਵਿੰਦਰ ਸਿੰਘ ਘਮਣੇਵਾਲ, ਭਗਵਾਨ ਸਿੰਘ ਬਿੱਲੂ, ਨਰਿੰਦਰ ਸਿੰਘ, ਮਨਜੀਤ ਸਿੰਘ ਸਿੰਘਪੁਰਾ, ਨਾਇਬ ਸਿੰਘ,ਜਰਨੈਲ ਸਿੰਘ ਭੋਲਾ, ਬਲਵੀਰ ਸਿੰਘ ਪੁੜੈਣ, ਅਮਰੀਕ ਸਿੰਘ ਨੂਰਪੁਰ, ਕੁਲਵੰਤ ਸਿੰਘ, ਬਲਕਾਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਵਰਿੰਦਰ ਸਿੰਘ, ਜਰਮਨ ਸਿੰਘ, ਸੁਖਜੀਵਨ ਸਿੰਘ ਇਆਲੀ ਖ਼ੁਰਦ, ਜਗਮੇਲ ਸਿੰਘ, ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ |