ਢੰਡਾਰੀ ਕਲਾਂ/ਲੁਧਿਆਣਾ, 26 ਅਪ੍ਰੈਲ (ਜਸਵੀਰ ਸਿੰਘ ਬੰਗਾ)-ਅੱਤ ਦੀ ਪੈ ਰਹੀ ਗਰਮੀ ਕਾਰਨ ਜਿੱਥੇ ਇਨਸਾਨੀ ਜ਼ਿੰਦਗੀ 'ਤੇ ਅਸਰ ਪੈ ਰਿਹਾ ਹੈ, ਉਥੇ ਹੀ ਪਸ਼ੂ-ਪੰਛੀਆਂ ਤੇ ਹੋਰ ਜਾਨਵਰਾਂ ਲਈ ਵੀ ਗਰਮੀ 'ਚ ਜ਼ਿੰਦਗੀ ਵਤੀਤ ਕਰਨਾ ਔਖਾ ਹੋ ਗਿਆ ਹੈ | ਅਜਿਹੇ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰੀਏ ਤਾਂ ਜੋ ਕੋਈ ਵੀ ਪੰਛੀ ਭੁੱਖ ਅਤੇ ਪਿਆਸ ਨਾਲ ਤੜਫ ਕੇ ਨਾ ਮਰੇ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵਕ ਗੁਰਕਿਰਪਾਲ ਸਿੰਘ ਪਾਲਾ ਢੰਡਾਰੀ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਜ਼ਰੂਰ ਰੱਖੇ ਜਾਣ, ਕਿਉਂਕਿ ਅੰਬਰੀ ਉਡਾਰੀਆਂ ਲਗਾਉਣ ਵਾਲੇ ਪੰਛੀ ਗਰਮੀ ਦੇ ਦਿਨਾਂ ਦੌਰਾਨ ਪਾਣੀ ਦੀ ਭਾਲ ਵਿਚ ਭਟਕਦੇ ਫਿਰਦੇ ਹਨ ਅਤੇ ਪਿਆਸ ਕਾਰਨ ਤੜਫ਼-ਤੜਫ਼ ਕੇ ਮਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਖੁਦ ਘਰ ਦੀ ਛੱਤ ਉਪਰ ਪਾਣੀ ਦਾ ਕਟੋਰਾ ਰੱਖਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਬੇਜ਼ਬਾਨ ਪੰਛੀਆਂ ਨੂੰ ਮਰਨ ਤੋਂ ਬਚਾਇਆ ਜਾ ਸਕੇ |