ਲੁਧਿਆਣਾ, 28 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਗੈਰ ਕਾਨੰੂਨੀ ਨਿਰਮਾਣਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਜ਼ੋਨ ਏ ਇਲਾਕੇ ਵਿਚ ਵੱਡੀ ਕਾਰਵਾਈ ਕੀਤੀ ਗਈ | ਇਸ ਦੌਰਾਨ ਨਿਗਮ ਦੀ ਟੀਮ ਨੇ 2 ਗੈਰਕਾਨੂੰਨੀ ਇਮਾਰਤਾਂ ਤੇ 5 ਦੁਕਾਨਾਂ ਨੰੂ ਸੀਲ ਕਰ ਦਿੱਤਾ, ਜਦਕਿ ਸੜਕ ਦੇ ਹਿੱਸੇ 'ਤੇ ਕੀਤਾ ਨਾਜਾਇਜ਼ ਕਬਜ਼ਾ ਵੀ ਹਟਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਨੂਰਵਾਲਾ ਰੋਡ 'ਤੇ ਬਣੀਆਂ ਦੋ ਇਮਾਰਤਾਂ ਅਤੇ ਕਾਕੋਵਾਲ ਰੋਡ 'ਤੇ ਪੰਜ ਦੁਕਾਨਾਂ ਨੰੂ ਬਿਲਡਿੰਗ ਬਾਈ ਲਾਜ ਦੀ ਉਲੰਘਣਾ ਕਰਨ ਕਾਰਨ ਸੀਲ ਕੀਤਾ ਗਿਆ | ਇਸ ਤੋਂ ਇਲਾਵਾ ਕੈਲਾਸ਼ ਚੌਕ ਨੇੜੇ ਸਤਸੰਗ ਘਰ ਕੋਲ ਇਕ ਵਿਅਕਤੀ ਵਲੋਂ ਸੜਕ 'ਤੇ ਗੇਟ ਲਗਾ ਕੇ ਕੀਤਾ ਗਿਆ ਕਬਜ਼ਾ ਵੀ ਨਿਗਮ ਦੀ ਟੀਮ ਨੇ ਤੁਰੰਤ ਹਟਾ ਦਿੱਤਾ | ਇਸ ਸੰਬੰਧੀ ਏ.ਟੀ.ਪੀ. ਕਪਿਲ ਦੇਵ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਿਯਮਿਤ ਤੌਰ 'ਤੇ ਗੈਰਕਾਨੰੂਨੀ ਨਿਰਮਾਣਾਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ | ਉਨ੍ਹਾਂ ਵਲੋਂ ਸ਼ਹਿਰਵਾਸੀਆਂ ਨੰੂ ਅਪੀਲ ਕੀਤੀ ਗਈ ਹੈ ਕਿ ਕੋਈ ਉਹ ਕੋਈ ਵੀ ਨਿਰਮਾਣ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਲਾਜ਼ਮੀ ਮਨਜ਼ੂਰੀ ਲੈਣ, ਬਿਨਾਂ ਮਨਜ਼ੂਰੀ ਕੀਤੇ ਨਿਰਮਾਣਾਂ 'ਤੇ ਨਿਗਮ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |