ਲੁਧਿਆਣਾ, 1 ਮਈ (ਜਤਿੰਦਰ ਭੰਬੀ)-ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਅਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਆਗੂਆਂ ਵਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਵਿਖੇ ਇਕੱਠ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਅਦਾਰਿਆਂ ਦੇ ਮਜ਼ਦੂਰਾਂ, ਮੁਲਾਜ਼ਮਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਾਰ ਕੇ ਮਜ਼ਦੂਰ ਜਮਾਤ ਲਈ 8 ਘੰਟੇ ਦੀ ਦਿਹਾੜੀ ਲੈ ਕੇ ਦਿੱਤੀ ਹੈ | ਪਰ ਅੱਜ ਦੀਆਂ ਸਰਕਾਰਾਂ ਭਾਵੇਂ ਉਹ ਕੇਂਦਰ ਦੀ ਮੋਦੀ ਸਰਕਾਰ ਹੋਵੇ ਤੇ ਭਾਵੇਂ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ, ਸਾਰੇ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਜ਼ਦੂਰਾਂ ਤੋਂ 10 ਘੰਟੇ ਜਾਂ 12 ਘੰਟੇ ਕੰਮ ਲੈਣ ਦੇ ਰਾਹ ਖੋਲ੍ਹ ਰਹੀਆਂ ਹਨ | ਮਜ਼ਦੂਰਾਂ ਦੀ ਕੰਮ ਵਾਲੀ ਥਾਂ 'ਤੇ ਸੁਰੱਖਿਆ ਦੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ | ਮਜ਼ਦੂਰਾਂ ਦੇ ਲਈ ਬਣਾਏ ਗਏ 29 ਕਾਨੂੰਨਾਂ ਨੂੰ ਖ਼ਤਮ ਕਰਕੇ ਸਰਮਾਏਦਾਰਾਂ ਦੇ ਪੱਖ ਵਿਚ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਹਨ, ਜੋ ਉਨ੍ਹਾਂ ਨੂੰ ਕਾਰੋਬਾਰ ਕਰਨ ਲਈ ਲਾਹੇਵੰਦ ਹਨ | ਆਗੂਆਂ ਨੇ ਜਿੱਥੇ ਚਾਰ ਲੇਬਰ ਕੋਡ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਉਥੇ ਦੇਸ਼ ਦੀ ਧਰਮ ਨਿਰਪੱਖਤਾ ਲਈ ਲੋਕਤੰਤਰ ਦੀ ਰਾਖੀ ਲਈ ਵੀ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਕਾਮਰੇਡ ਐਮ.ਐਸ. ਭਾਟੀਆ, ਸੁਖਵਿੰਦਰ ਸਿੰਘ ਲੋਟੇ, ਵਿਜੇ ਕੁਮਾਰ, ਸੁਰਜੀਤ ਕੌਰ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਹਨੂਮਾਨ ਪ੍ਰਸਾਦ ਦੂਬੇ, ਚਮਕੌਰ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਸ਼ਮਸ਼ੇਰ ਸਿੰਘ, ਗੁਰਮੇਲ ਮੈਲਡੇ, ਬਲਵੀਰ ਕੌਰ, ਨਰਕੇਸਰ ਰਾਏ ਤੋਂ ਇਲਾਵਾ ਕਾਮਰੇਡ ਡੀ.ਪੀ. ਮੌੜ, ਰਾਮ ਲਾਲ, ਕੇਵਲ ਸਿੰਘ ਬਨਵੈਤ, ਰਮੇਸ਼ ਰਤਨ, ਨਰੇਸ਼ ਗੌੜ, ਵਿਨੋਦ ਤਿਵਾੜੀ, ਰਾਮ ਬਿ੍ਕਸ, ਟਾਈਗਰ ਸਿੰਘ, ਆਸ਼ਾ ਰਾਣੀ, ਜੋਗਿੰਦਰ ਰਾਏ ਆਦਿ ਹਾਜ਼ਰ ਸਨ |