ਫੁੱਲਾਂਵਾਲ, 3 ਮਈ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ ਤੇ ਸਥਿਤ ਬਸੰਤ ਐਵਨਿਊ ਦੇ ਕਿੰਡਜ ਪੋਪਿੰਨ ਪਲੇਅ ਵੇਅ ਸਕੂਲ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਦੁਆਰਾ ਮਜ਼ਦੂਰ ਦਿਵਸ ਬੜੇ ਹੀ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਗਿਆ | ਇਸ ਮੌਕੇ ਨੰਨ੍ਹੇ-ਮੁੰਨੇ ਬੱਚੇ ਵੱਖ-ਵੱਖ ਪਹਿਰਾਵਿਆਂ ਵਿਚ ਜਿਵੇਂ ਡਾਕਟਰ, ਇੰਜੀਨੀਅਰ, ਕਿਸਾਨ, ਵਕੀਲ, ਅਧਿਆਪਕ, ਸਫ਼ਾਈ ਕਰਮਚਾਰੀ ਆਦਿ ਬਣ ਕੇ ਆਏ | ਉਨ੍ਹਾਂ ਨੇ ਆਪਣੇ ਪ੍ਰਦਰਸ਼ਨਾਂ ਰਾਹੀਂ ਹਰ ਕਿੱਤੇ ਦੀ ਅਹਿਮੀਅਤ ਅਤੇ ਸਨਮਾਨ ਦਾ ਸੁਨੇਹਾ ਦਿੱਤਾ | ਉਨ੍ਹਾਂ ਵਲੋਂ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਪੂਜਾ ਅਰੋੜਾ ਨੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਮਜ਼ਦੂਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਮੈਨੇਜਿੰਗ ਡਾਇਰੈਕਟਰ ਪੰਕਜ ਅਰੋੜਾ ਨੇ ਇਸ ਦਿਨ ਦੀ ਮਹੱਤਤਾ ਤੋਂ ਨੰਨੇ੍ਹ-ਮੁੰਨੇ ਬੱਚਿਆਂ ਅਤੇ ਸਕੂਲ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਅਤੇ ਸਾਰਿਆਂ ਨੂੰ ਇਸ ਦਿਨ ਦੀਆ ਵਧਾਈਆਂ ਦਿੱਤੀਆਂ |