ਲੁਧਿਆਣਾ, 3 ਮਈ (ਜਤਿੰਦਰ ਭੰਬੀ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਨੇ ਮਜ਼ਦੂਰ ਦਿਵਸ ਦੇ ਸਬੰਧੀ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਸਵਰਨ ਸਿੰਘ ਨੇ ਸੂਬੇ ਅਤੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਮਜ਼ਦੂਰਾਂ ਅਤੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਦੋਵਾਂ ਸਰਕਾਰਾਂ ਵਲੋਂ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ, ਉਨ੍ਹਾਂ ਵਲੋਂ ਮਜ਼ਦੂਰਾਂ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਉਨ੍ਹਾਂ ਸੂਬਾ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਮੁੱਖ ਮੰਤਰੀ ਨੇ ਜੋ ਵਿਧਾਨ ਸਭਾ ਬੁਲਾਈ ਹੈ, ਉਹ ਕੋਈ ਜਾਇਜ਼ ਨਹੀਂ | ਪੰਜਾਬ ਦੇ ਮੁੱਖ ਮੰਤਰੀ ਨੇ ਨਾ ਤਾਂ ਡੀ.ਏ. ਵਿਚ ਵਾਧਾ ਕੀਤਾ ਤੇ ਨਾ ਹੀ ਦਿਹਾੜੇ ਤੇ ਕੰਮ ਕਰਦੇ ਲੋਕਾਂ ਨੂੰ ਕੋਈ ਦਿਹਾੜੀ ਵਿਚ ਵਾਧਾ ਕੀਤਾ | ਡਾਕਖਾਨੇ ਵਿਚ ਕੰਮ ਕਰਦੇ ਕਾਮਿਆਂ ਨੂੰ ਛੁੱਟੀ ਤੱਕ ਨਹੀਂ ਦਿੱਤੀ ਗਈ | ਫੈਕਟਰੀ ਵਿਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਛੁੱਟੀ ਵਾਲੇ ਦਿਨ ਕੋਈ ਨਾ ਕੋਈ ਬਹਾਨਾ ਲਗਾ ਕੇ ਕੰਮ ਤੇ ਬੁਲਾਇਆ ਗਿਆ, ਜੋ ਦਿਹਾੜੀਦਾਰਾਂ ਨਾਲ ਧੱਕਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀ ਵਿਚ ਕੰਮ ਕਰਦੇ ਦਿਹਾੜੀਦਾਰਾਂ ਲਈ ਸ਼ੈਡ ਬਣਾਏ ਜਾਣ, ਪੱਖੇ ਅਤੇ ਬਾਥਰੂਮ ਬਣਾਏ ਜਾਣ | ਮਿਡ-ਡੇ-ਮੀਲ ਵਿਚ ਜੋ ਬੀਬੀਆਂ ਕੰਮ ਕਰਦੀਆਂ ਹਨ, ਉਨ੍ਹਾਂ ਨੂੰ 3 ਹਜ਼ਾਰ ਰੁਪਏ ਹੀ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਤਨਖਾਹ ਵਧਾਕੇ 10 ਹਜ਼ਾਰ ਰੁਪਏ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ | ਇਸ ਮੌਕੇ ਸਵਰਨ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ | ਇਸ ਮੌਕੇ ਬਲਦੇਵ ਸਿੰਘ ਪ੍ਰਧਾਨ ਰਾਜ ਮਿਸਤਰੀ ਲੇਬਰ ਯੂਨੀਅਨ ਵੀ ਹਾਜ਼ਰ ਸਨ |