ਅੱਲੜ ਅਤੇ ਨੌਜਵਾਨ ਵਰਗ ਨੂੰ ਨਹੀਂ ਪ੍ਰਵਾਹ ਆਵਾਜ਼ ਪ੍ਰਦੂਸ਼ਣ ਦੀ
ਅਜੀਤ ਡੈਸਕ
13-05-2026
ਆਵਾਜ਼ ਪ੍ਰਦੂਸ਼ਣ 'ਤੇ ਗੱਲਬਾਤ ਕਰਦਿਆਂ ਡਾ. ਲਾਲ ਚਾਈਲਡ ਕੇਅਰ ਸੈਂਟਰ ਦੇ ਮਾਹਿਰ ਡਾ. ਲਲਿਤ ਕੁਮਾਰ ਲਾਲ ਨੇ ਕਿਹਾ ਕਿ ਮੋਟਰਸਾਈਕਲ ਚਾਲਕਾਂ ਵਲੋਂ ਪੈਦਾ ਕੀਤਾ ਜਾਂਦਾ ਤੇਜ਼ ਆਵਾਜ਼ ਪ੍ਰਦੂਸ਼ਣ ਇਕ ਗੰਭੀਰ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ, ਵਿਸ਼ੇਸ਼ ਕਰਕੇ ਦੇਸੀ ਤਰੀਕੇ ਨਾਲ ਤਿਆਰ ਕਰਕੇ ਲਗਾਏ ਗਏ ਸਾਈਲੈਂਸਰ ਤੇਜ਼ ਆਵਾਜ਼ ਪੈਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਤੇਜ਼ ਆਵਾਜ਼ ਨਾਲ ਜਿੱਥੇ ਆਮ ਆਦਮੀ ਦੀ ਨੀਂਦ ਵਿਚ ਵਿਘਨ ਪੈਂਦਾ ਹੈ, ਉੱਥੇ ਹੀ ਸੁਣਨ ਦੀ ਸਮਰੱਥਾ 'ਤੇ ਵੀ ਵੱਡਾ ਅਸਰ ਪੈਂਦਾ ਹੈ, ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ ਅਤੇ ਚਿੜਚਿੜਾਪਣ ਪੈਦਾ ਹੁੰਦਾ ਹੈ | ਡਾ. ਲਾਲ ਅਨੁਸਾਰ ਤੇਜ਼ ਆਵਾਜ਼ ਵਿਚ ਵੱਜਦੇ ਹਾਰਨਾਂ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੱਡਾ ਅਸਰ ਪੈਂਦਾ ਹੈ, ਉਥੇ ਹੀ ਕੰਮ ਵਿਚ ਧਿਆਨ ਨਾ ਲੱਗਣਾ ਵਰਗੇ ਵਿਕਾਰ ਵੀ ਪੈਦਾ ਹੋਣ ਲੱਗਦੇ ਹਨ ਅਤੇ ਆਵਾਜ਼ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ਦੀ ਸਿਹਤ 'ਤੇ ਪੈਂਦਾ ਹੈ | ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਦੇ ਭਲੇ ਲਈ ਆਪਣੇ ਬੱਚਿਆਂ ਨੂੰ ਮੋਟਰਸਾਈਕਲਾਂ ਅਤੇ ਗੱਡੀਆਂ 'ਤੇ ਉੱਚੀ ਆਵਾਜ਼ ਵਾਲੇ ਹਾਰਨ ਨਾ ਲਗਾਉਣ ਸਬੰਧੀ ਜਾਗਰੂਕ ਕਰਨ |
ਡਾਬਾ/ਲੁਹਾਰਾ, 12 ਮਈ (ਕੁਲਵੰਤ ਸਿੰਘ ਸੱਪਲ)-ਅਲੜ ਅਤੇ ਨੌਜਵਾਨ ਵਰਗ ਵਲੋਂ ਆਪਣੇ ਸ਼ੌਂਕ ਦੀ ਪੂਰਤੀ ਲਈ ਟੂ ਅਤੇ ਫੋਰ ਵੀਲਰਾਂ 'ਤੇ ਲਗਾਏ ਗਏ ਵੱਖ ਵੱਖ ਆਵਾਜ਼ਾਂ ਕੱਢਣ ਵਾਲੇ ਹਾਰਨ ਲੋਕਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੇ ਹਨ | ਭਾਵੇਂ ਕਿ ਇਸ ਸੰਬੰਧੀ ਟ੍ਰੈਫ਼ਿਕ ਵਿਭਾਗ ਵਲੋਂ ਸਮੇਂ ਸਮੇਂ 'ਤੇ ਡਰਾਉਣੀਆਂ ਅਤੇ ਭਿਆਨਕ ਆਵਾਜ਼ਾਂ ਕੱਢਣ ਵਾਲੇ ਪ੍ਰੈਸ਼ਰ ਹਾਰਨਾਂ ਨੂੰ ਰੋਕਣ ਲਈ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਂਦੀ ਹੈ, ਫਿਰ ਵੀ ਸ਼ਾਮ ਵੇਲੇ ਮੂੰਹ ਹਨੇਰੇ ਵਿਚ ਉਕਤ ਵਰਗ ਆਪਣੇ ਸ਼ੌਂਕ ਦੀ ਪੂਰਤੀ ਲਈ ਗਲੀਆਂ, ਸੜਕਾਂ 'ਤੇ ਦਨ-ਦਨਾਉਂਦੇ ਹੋਏ ਵੱਖ ਵੱਖ ਅਤੇ ਤੇਜ਼ ਆਵਾਜ਼ ਵਾਲੇ ਹਾਰਨ ਵਜਾ ਕੇ ਸ਼ਹਿਰਵਾਸੀਆਂ ਨੂੰ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ | ਕਈ ਵੱਡਿਆਂ ਘਰਾਂ ਦੇ ਕਾਕੇ ਆਪਣੇ ਬੁਲਟ ਮੋਟਰਸਾਈਕਲ 'ਤੇ ਸ਼ਾਮ ਨੂੰ 9.00 ਵਜੇ ਤੋਂ ਬਾਅਦ ਸੜਕਾਂ 'ਤੇ ਪਟਾਕੇ ਮਾਰਦੇ ਆਮ ਹੀ ਸੁਣਾਈ ਦਿੰਦੇ ਹਨ, ਪਰੰਤੂ ਉਸ ਟਾਈਮ ਉਨ੍ਹਾਂ ਨੂੰ ਰੋਕਣ ਵਾਲਾ ਸੜਕਾਂ 'ਤੇ ਕੋਈ ਵੀ ਟ੍ਰੈਫ਼ਿਕ ਪੁਲਿਸ ਦਾ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਨਹੀਂ ਹੁੰਦਾ, ਜਿਸ ਕਾਰਨ ਉਹ ਬਿਨਾਂ ਕਿਸੇ ਡਰ ਭੈਅ ਦੇ ਭਿਆਨਕ ਆਵਾਜ਼ਾਂ ਵਾਲੇ ਪ੍ਰੈਸ਼ਰ ਹਾਰਨ ਅਤੇ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਆਪਣਾ ਸ਼ੌਂਕ ਪੂਰਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ | ਸ਼ਹਿਰ ਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਟਰੈਫ਼ਿਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਹੈ ਕਿ ਰਾਤ ਵੇਲੇ ਪੀ.ਸੀ.ਆਰ. ਗਸ਼ਤ ਵਧਾਈ ਜਾਵੇ ਅਤੇ ਐਸੇ ਮਨਚਲੇ, ਜੋ ਪ੍ਰੈਸ਼ਰ ਹਾਰਨ ਅਤੇ ਭਿਆਨਕ ਆਵਾਜ਼ ਅਤੇ ਸ਼ੋਰ ਮਚਾਉਣ ਵਾਲੇ ਹਾਰਨ ਵਜਾਉਂਦੇ ਹਨ, 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇ |