ਲੁਧਿਆਣਾ, 12 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਕੈਂਪਸ ਵਿਚ ਭਿੰਨ-ਭਿੰਨ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਰੁੱਖਾਂ ਅਤੇ ਦਰਖਤਾਂ ਬਾਰੇ ਵਿਦਿਆਰਥੀਆਂ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਜਾਣਕਾਰੀ ਦੇਣ ਲਈ ਨਵੀਂ ਤਕਨੀਕ ਅਪਣਾਈ ਜਾ ਰਹੀ ਹੈ | ਪੀ.ਏ.ਯੂ. ਦੇ ਬਹੁਤ ਸਾਰੇ ਰੁੱਖਾਂ ਉੱਪਰ ਉਨ੍ਹਾਂ ਦੀ ਕਿਸਮ, ਉਪਯੋਗਤਾ, ਵਰਤੋਂ ਦੇ ਤਰੀਕੇ ਅਤੇ ਲਾਭ ਆਦਿ ਬਾਰੇ ਜਾਣਕਾਰੀ ਦੇਣ ਲਈ ਕਿਊਆਰ ਕੋਡ ਲਾਏ ਜਾ ਰਹੇ ਹਨ | ਇਨ੍ਹਾਂ ਕੋਡਾਂ ਨੂੰ ਸਕੈਨ ਕਰਕੇ ਕੋਈ ਵੀ ਇਨ੍ਹਾਂ ਰੁੱਖਾਂ ਸੰਬੰਧੀ ਪ੍ਰਮਾਣਿਕ ਜਾਣਕਾਰੀ ਨਾਲ ਭਰਪੂਰ ਹੋ ਸਕਦਾ ਹੈ | ਪੀ.ਏ.ਯੂ. ਵਿਚ ਭਰਪੂਰ ਰੂਪ ਵਿਚ ਲੱਗੇ ਰੁੱਖ ਮਰੋੜਫਲੀ, ਨੀਲੀ ਗੁਲਮੋਹਰ, ਕਿ੍ਸਮਸ, ਸਤਪਤੀਆ, ਪਗੋਡਾ, ਅਸ਼ੋਕਾ, ਕਚਨਾਰ, ਲਾਲ ਬੋਤਲ ਬੁਰਸ਼, ਗੁਲਾਬੀ ਤੁਣ, ਸਿਲਵਰ ਓਕ, ਮੌਲਸਰੀ, ਜੋੜ ਤੋੜ, ਨਿੰਮ, ਅੰਬ, ਜਾਮਣ, ਢਿਊ, ਡੇਕ, ਸਫੈਦਾ, ਗੂਲਰ ਅਤੇ ਆੜੂ ਆਦਿ ਦਰੱਖਤਾਂ ਬਾਰੇ ਕਿਊਆਰ ਕੋਡ ਲਾਉਣ ਦਾ ਕਾਰਜ ਸੰਪੰਨ ਹੋ ਗਿਆ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਨ ਦੀ ਸੰਭਾਲ ਅਤੇ ਰੁੱਖਾਂ ਬਾਰੇ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਵਚਨਬੱਧ ਹੈ |