ਲੁਧਿਆਣਾ, 13 ਮਈ (ਜਸਵਿੰਦਰ ਸਿੰਘ)- ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਉਨ੍ਹਾਂ ਨਾਲ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਖੋਜ ਕੇਂਦਰਾਂ, ਕਿ੍ਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ ਮੀਟਿੰਗ 'ਚ ਵਿਚਾਰ-ਚਰਚਾ ਲਈ ਸ਼ਾਮਿਲ ਹੋਏ | ਡਾ. ਗੋਸਲ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਅਜੋਕੇ ਯੁੱਗ ਦੀਆਂ ਖੇਤੀ ਅਤੇ ਕਿਸਾਨੀ ਲੋੜਾਂ ਅਨੁਸਾਰ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ | ਡਾ. ਗੋਸਲ ਨੇ ਕਿਹਾ ਕਿ ਅੱਜ ਦੀ ਖੇਤੀ ਨੂੰ ਕੁਦਰਤੀ ਸਰੋਤਾਂ ਦੀ ਕੀਮਤ ਤੇ ਕਰਨ ਦੀ ਥਾਂ ਸਰੋਤਾਂ ਦੀ ਸੰਭਾਲ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ | ਵਿਸ਼ੇਸ਼ ਤੌਰ ਤੇ ਨਰਮਾ ਪੱਟੀ ਵਿਚ ਨਰਮੇ ਦੀਆਂ ਵਿਕਸਿਤ ਕਿਸਮਾਂ ਨੂੰ ਉਤਸ਼ਾਹਿਤ ਕਰਨ ਅਤੇ ਝੋਨੇ ਵਾਲੇ ਖੇਤਰਾਂ ਵਿਚ ਪੀ.ਏ.ਯੂ. ਦੀਆਂ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਬਾਰੇ ਹੋਰ ਜਾਗਰੂਕਤਾ ਦਾ ਪਸਾਰ ਕਰਨਾ ਚਾਹੀਦਾ ਹੈ | ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪਸਾਰ ਮਾਹਿਰਾਂ ਨੂੰ ਇਸ ਗੱਲ ਲਈ ਸੱਦਾ ਦਿੱਤਾ ਕਿ ਉਹ ਆਉਂਦੀ ਸਾਉਣੀ ਰੁੱਤ ਵਿਚ ਝੋਨੇ ਦੀ ਬਿਜਾਈ ਲਈ ਪੀ.ਏ.ਯੂ. ਦੀਆਂ ਕਿਸਮਾਂ ਦੇ ਮਹੱਤਵ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਨ | ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਖੇਤੀ ਵਿਭਿੰਨਤਾ ਅਤੇ ਪੋਸ਼ਣ ਨੂੰ ਉਤਪਾਦਨ ਦੇ ਬਰਾਬਰ ਅਹਿਮ ਮੰਨਣ ਦਾ ਹੈ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਕਿਸਾਨੀ ਪਰਿਵਾਰਾਂ ਦੀ ਨਿਰੰਤਰ ਆਮਦਨ ਵਿਚ ਵਾਧਾ ਕਰਨ ਦੀਆਂ ਸਿਫ਼ਾਰਸ਼ਾਂ ਪੀ.ਏ.ਯੂ. ਨੇ ਕੀਤੀਆਂ ਹਨ | ਆਮ ਕਿਸਾਨਾਂ ਤੱਕ ਇਹਨਾਂ ਸਿਫ਼ਾਰਸ਼ਾਂ ਨੂੰ ਪਹੁੰਚਾਉਣਾ ਬੇਹੱਦ ਲਾਜ਼ਮੀ ਹੈ |