ਲੁਧਿਆਣਾ, 14 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਦੇ ਇਕ ਵਫ਼ਦ ਵਲੋਂ ਨਗਰ ਨਿਗਮ ਕਮਿਸ਼ਨਰ ਨਾਲ ਜ਼ੋਨ ਡੀ. ਦਫ਼ਤਰ ਵਿਖੇ ਮੁਲਾਕਾਤ ਕਰਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ | ਇਸ ਦੌਰਾਨ ਕਰਮਚਾਰੀ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ 15 ਮਈ ਦਿਨ ਸ਼ੁੱਕਰਵਾਰ ਸ਼ਹਿਰ 'ਚ ਇਕ ਦਿਨਾਂ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿਚ ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਦਾ ਸ਼ਹਿਰ ਦੀਆਂ ਸਮੂਹ ਕਰਮਚਾਰੀ ਜਥੇਬੰਦੀਆਂ ਪੂਰਾ ਸਮਰਥਨ ਕਰਦੀਆਂ ਹਨ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੰਗਾਂ ਨੰੂ ਜਲਦੀ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੰੂ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਚੌਧਰੀ ਯਸ਼ਪਾਲ, ਲਵ ਦ੍ਰਾਵਿੜ, ਆਨੰਦ, ਸੰਜੀਵ ਖੰਡੂ, ਦੇਵ ਰਾਜ ਅਸੁਰ, ਰਵੀ ਬਾਲੀ, ਵਿਪਨ ਕਲਿਆਣ ਆਦਿ ਮੌਜੂਦ ਸਨ |