ਲੁਧਿਆਣਾ, 20 ਮਈ (ਡਾ: ਤਰਲੋਚਨ ਸਿੰਘ)-ਸਿਵਲ ਹਸਪਤਾਲ 'ਚ ਡਿਊਟੀ ਬਦਲਣ ਤੋਂ ਦੁਖੀ ਹੋਏ ਇਕ ਦਰਜਾ-4 ਕਰਮਚਾਰੀ ਨੇ ਨਸ਼ੀਲੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ | ਘਟਨਾ ਤੋਂ ਬਾਅਦ ਸਾਥੀ ਕਰਮਚਾਰੀਆਂ ਵਲੋਂ ਉਸ ਨੰੂ ਤੁਰੰਤ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ | ਮਿਲੀ ਜਾਣਕਾਰੀ ਅਨੁਸਾਰ ਸੰਤੋਖ ਪਿਛਲੇ 12 ਸਾਲਾਂ ਤੋਂ ਮੈਡੀਸਨ ਵਿਭਾਗ 'ਚ ਦਰਜਾ-4 ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ | ਇਸ ਦੇ ਬਾਵਜੂਦ ਹਾਲ ਹੀ ਵਿਚ ਉਸ ਦੀ ਡਿਊਟੀ ਬਦਲ ਦਿੱਤੀ ਗਈ ਸੀ, ਜਿਸ ਤੋਂ ਉਹ ਕਾਫ਼ੀ ਖ਼ਫ਼ਾ ਚੱਲ ਰਿਹਾ ਸੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਦਰਜਾ-4 ਕਰਮਚਾਰੀ ਦੇ ਪਰਿਵਾਰ ਨੂੰ ਕਿਸੇ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਸੰਤੋਖ ਨੇ ਡਿਊਟੀ ਦੌਰਾਨ ਕੁੱਝ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਸ ਦੀ ਤਬੀਅਤ ਕਾਫ਼ੀ ਖ਼ਰਾਬ ਹੈ, ਜਿਸ ਨੂੰ ਲੈ ਕੇ ਪਰਿਵਾਰ ਤੁਰੰਤ ਹਸਪਤਾਲ ਪਹੁੰਚਿਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਤੋਖ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਸੇ ਕੰਮ ਦੇ ਜ਼ਰੀਏ ਕਰਦਾ ਹੈ, ਉਸ ਦੇ ਤਿੰਨ ਬੱਚੇ ਹਨ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਿਊਟੀ ਨੂੰ ਲੈ ਕੇ ਜੋ ਵਿਵਾਦ ਸੀ, ਉਸ ਨੰੂ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਸੀ, ਲੇਕਿਨ ਸੰਤੋਖ ਨੇ ਤਣਾਅ 'ਚ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ | ਫ਼ਿਲਹਾਲ ਸੰਤੋਖ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਐਸ.ਐਮ.ਓ. ਡਾ: ਅਖਿਲ ਸਰੀਨ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |