ਪੀ . ਏ . ਯੂ . ਯੁਵਕ ਮੇਲੇ ’ ਚ ਦੂਜੇ ਗੇੜ ਦੇ ਮੁਕਾਬਲੇ ਅੱਜ ਤੋਂ ਸ਼ੁਰੂ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ ਸ਼ਾਮਿਲ
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਪੀ. ਏ.
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਵਿਚ ਜਾਰੀ ਯੁਵਕ ਮੇਲੇ ਦੇ ਪਹਿਲੇ ਦਿਨ ਦੇ ਮੁਕਾਬਲੇ ਵਿਦਿਆਰਥੀ ਭਵਨ ਵਿਖੇ ਡਾ. ਸੁਰਜੀਤ ਪਾਤਰ ਸੱਥ ਵਿਚ ਬੀਤੇ ਕੱਲ੍ਹ ਸਮਾਪਤ ਹੋ ਗਏ ਸਨ| ਦੂਜੇ ਗੇੜ ਦੇ ਮੁਕਾਬਲੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਅੱਜ ਤੋਂ ਸ਼ੁਰੂ ਹੋਣਗੇ| ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸ਼ਾਮਿਲ ਹੋ ਰਹੇ ਹਨ| ਸਮਾਰੋਹ ਦੀ ਪ੍ਰਧਾਨਗੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵਲੋਂ ਕੀਤੀ ਜਾਵੇਗੀ| ਇਸ ਸੰਬੰਧੀ ਅੱਜ ਇਕ ਵਿਸ਼ੇਸ਼ ਪ੍ਰੈਸ ਵਾਰਤਾ ਵਿਚ ਪੀ. ਏ. ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਜਾਰੀ ਯੁਵਕ ਮੇਲੇ ਦੇ ਪਹਿਲੇ ਕਲਾਤਮਕ, ਸਾਹਿਤਕ ਅਤੇ ਸੱਭਿਆਚਾਰਕ ਵੰਨਗੀਆਂ ਵਾਲੇ ਮੁਕਾਬਲਿਆਂ ਦੇ ਗੇੜ ਦੀ ਸਫਲਤਾ ਪੂਰਵਕ ਸਮਾਪਤੀ ਤੋਂ ਬਾਅਦ ਅਗਲਾ ਗੇੜ ਸ਼ੁਰੂ ਹੋਵੇਗਾ| ਇਸ ਦੌਰਾਨ ਲੋਕ ਨਾਚ, ਗਾਇਕੀ, ਸੰਗੀਤ, ਨਾਟ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਹੋਣਗੇ| ਅੱਜ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਸੱਭਿਆਚਾਰਕ ਝਲਕੀਆਂ ਨਾਲ ਇਸ ਯੁਵਕ ਮੇਲੇ ਦਾ ਆਰੰਭ ਹੋਵੇਗਾ| ਇਸ ਤੋਂ ਬਾਅਦ ਸੋਲੋ ਨਾਚ, ਪੱਛਮੀ ਸਮੂਹ ਗਾਨ, ਲਾਈਟ ਵੋਕਲ ਸੋਲੋ, ਦੋਗਾਣਾ ਗੀਤ, ਭਾਰਤੀ ਸਮੂਹ ਗਾਨ ਅਤੇ ਨਾਚ ਕਲਾ ਦੇ ਮੁਕਾਬਲੇ ਹੋਣਗੇ| 5 ਨਵੰਬਰ ਨੂੰ ਕੁਇਜ਼, ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਦੀ ਪੇਸ਼ਕਾਰੀ ਹੋਵੇਗੀ| 6 ਨਵੰਬਰ ਨੂੰ ਯੁਵਕ ਮੇਲੇ ਦੇ ਆਖਰੀ ਦਿਨ ਵਿਰਾਸਤੀ ਕੁਇਜ਼, ਮਮਿਕਰੀ, ਸਕਿੱਟ, ਲੰਮੀ ਹੇਕ ਵਾਲੇ ਗੀਤ, ਲੋਕ ਗੀਤ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਹੋਵੇਗੀ| ਸ਼ਾਮ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ|ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਯੁਵਕ ਮੇਲੇ ਦੇ ਦੂਸਰੇ ਗੇੜ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਸਮੂਹ ਤਿਆਰੀਆਂ ਮੁਕੰਮਲ ਹਨ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ|