ਲੁਧਿਆਣਾ, 20 ਮਈ (ਡਾ. ਤਰਲੋਚਨ ਸਿੰਘ)-ਈਵਾ ਹਸਪਤਾਲ, ਲੁਧਿਆਣਾ ਵਿਖੇ ਗੋਡਿਆਂ ਦੀ ਭਿਆਨਕ ਬਿਮਾਰੀ ਨਾਲ ਪੀੜਤ ਇੱਕ ਮਹਿਲਾ ਦੀ ਜ਼ਿੰਦਗੀ ਵਿਚ ਹੈਰਾਨੀਜਨਕ ਬਦਲਾਅ ਵੇਖਣ ਨੂੰ ਮਿਲਿਆ ਹੈ | ਇਹ ਮਾਮਲਾ ਆਧੁਨਿਕ ਗੋਡੇ ਬਦਲਾਅ ਸਰਜਰੀ ਅਤੇ ਮਾਹਿਰ ਇਲਾਜ ਰਾਹੀਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਪ੍ਰੇਰਣਾਦਾਇਕ ਉਦਹਾਰਣ ਬਣ ਗਿਆ ਹੈ | ਮਹਿਲਾ ਲਗਨਾਵਤੀ ਕਈ ਸਾਲਾਂ ਤੋਂ ਦੋਵੇਂ ਗੋਡਿਆਂ ਦੇ ਗੰਭੀਰ ਗਠੀਆ ਨਾਲ ਪੀੜਤ ਸੀ | ਉਸ ਦੀ ਪਿਛਲੇ 6 ਤੋਂ 9 ਮਹੀਨਿਆਂ ਵਿਚ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਉਹ ਪੂਰੀ ਤਰ੍ਹਾਂ ਵੀਲ੍ਹਚੇਅਰ 'ਤੇ ਨਿਰਭਰ ਸੀ ਅਤੇ ਲਗਭਗ ਬਿਸਤਰੇ ਤੱਕ ਸੀਮਿਤ ਹੋ ਚੁੱਕੀ ਸੀ | ਉਸ ਨੇ ਕਿਸੇ ਜਾਣਕਾਰ ਦੇ ਕਹਿਣ ਤੇ ਈਵਾ ਹਸਪਤਾਲ ਵਿਖੇ ਡਾ. ਤਨਵੀਰ ਭੂਟਾਨੀ ਨਾਲ ਸੰਪਰਕ ਕੀਤਾ | ਡਾ. ਭੁਟਾਨੀ ਨੇ ਵਿਸਥਾਰਪੂਰਵਕ ਜਾਂਚ ਅਤੇ ਯੋਜਨਾ ਬਣਾਉਣ ਤੋਂ ਬਾਅਦ ਉਸ ਦੀ ਸਫਲ ਰੋਬੋਟਿਕ ਬਾਇਲੇਟਰਲ ਟੋਟਲ ਨੀ ਰਿਪਲੇਸਮੈਂਟ ਸਰਜਰੀ ਕੀਤੀ | ਸਰਜਰੀ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ | ਡਾ. ਭੁਟਾਨੀ ਨੇ ਕਿਹਾ ਕਿ ਜੋ ਮਹਿਲਾ ਪਹਿਲਾਂ ਵੀਲ੍ਹਚੇਅਰ 'ਤੇ ਨਿਰਭਰ ਸੀ ਅਤੇ ਆਪਣੇ ਆਪ ਤੁਰ ਨਹੀਂ ਸਕਦੀ ਸੀ, ਉਹ ਅੱਜ ਬਿਨਾਂ ਕਿਸੇ ਸਹਾਰੇ ਆਰਾਮ ਨਾਲ ਤੁਰ ਫਿਰ ਸਕਦੀ ਹੈ, ਪੌੜੀਆਂ ਚੜ੍ਹ ਸਕਦੀ ਹੈ ਅਤੇ ਇੱਥੋਂ ਤੱਕ ਕਿ ਚੌਂਕੜੀ ਮਾਰ ਕੇ ਬੈਠ ਵੀ ਸਕਦੀ ਹੈ | ਗਠੀਆ ਕਾਰਨ ਟੇਢੇ ਹੋ ਚੁੱਕੇ ਉਸ ਦੇ ਗੋਡੇ ਹੁਣ ਪੂਰੀ ਤਰ੍ਹਾਂ ਸਿੱਧੇ ਹਨ | ਪਰਿਵਾਰ ਦੇ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨੇ ਕੋਈ ਦਰਦ ਦੀ ਦਵਾਈ ਵੀ ਨਹੀਂ ਲਈ | ਡਾ. ਭੁਟਾਨੀ ਨੇ ਕਿਹਾ ਕਿ ਸਹੀ ਯੋਜਨਾ, ਸਟੀਕ ਸਰਜਰੀ ਅਤੇ ਵਧੀਆ ਰਿਹੈਬਲਿਟੇਸ਼ਨ ਨਾਲ ਆਧੁਨਿਕ ਗੋਡੇ ਬਦਲਾਅ ਸਰਜਰੀ ਗੰਭੀਰ ਗਠੀਆ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਸਕਦੀ ਹੈ |