ਲੁਧਿਆਣਾ, 20 ਮਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰਨ ਦੇ ਨਿਰਦੇਸ਼ਾਂ ਨਾਲ ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੰੂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਪਿਆਂ ਦਾ ਕਹਿਣਾ ਹੈ ਕਿ ਬੋਰਡ ਵਲੋਂ ਇਹ ਹਦਾਇਤਾਂ ਮਾਰਚ ਮਹੀਨੇ ਦੌਰਾਨ ਲਾਗੂ ਕੀਤੀਆਂ ਗਈਆਂ, ਜਿਸ ਕਾਰਨ ਨਵੇਂ ਸੈਸ਼ਨ ਦੇ ਦਾਖ਼ਲਿਆਂ ਸਮੇਂ ਕਈ ਪਰਿਵਾਰ ਅਚਾਨਕ ਪ੍ਰਸ਼ਾਸਕੀ ਉਲਝਣਾਂ ਵਿਚ ਫਸ ਗਏ ਹਨ | ਮਾਪਿਆਂ ਅਨੁਸਾਰ ਜਦੋਂ ਉਹ ਆਪਣੇ ਬੱਚਿਆਂ ਦਾ ਸਕੂਲਾਂ ਵਿਚ ਦਾਖਲਾ ਕਰਵਾਉਣ ਲਈ ਜਾਂਦੇ ਹਨ | ਤਾਂ ਉਨ੍ਹਾਂ ਤੋ ਡਿਜੀਟਲ ਜਨਮ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ | ਕਈ ਪਰਿਵਾਰਾਂ ਕੋਲ ਪੁਰਾਣੇ ਹੱਥੋ ਬਣੇ ਜਾ ਮੈਨੂਅਲ ਸਰਟੀਫਿਕੇਟ ਹਨ, ਜਿਸ ਕਾਰਨ ਉਨ੍ਹਾਂ ਨੰੂ ਹੁਣ ਸੁਵਿਧਾ ਕੇਂਦਰਾਂ ਅਤੇ ਨਗਰ ਨਿਗਮ ਦਫ਼ਤਰਾਂ ਤੇ ਚੱਕਰ ਲਗਾਉਣੇ ਪੈ ਰਹੇ ਹਨ | ਉਥੇ ਲੰਬੀਆਂ ਕਤਾਰਾਂ ਅਤੇ ਤਕਨੀਕੀ ਸਮੱਸਿਆਵਾਂ ਕਾਰਨ ਮਾਪਿਆਂ ਨੰੂ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ | ਮਾਪਿਆਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀ ਉਮਰ 15 ਸਾਲ ਤੋ ਵੱਧ ਹੈ ਅਤੇ ਜਿਨ੍ਹਾਂ ਦੇ ਪੁਰਾਣੇ ਜਨਮ ਸਰਟੀਫਿਕੇਟਾਂ 'ਤੇ ਮੰੁਡਾ ਜਾਂ ਕੁੜੀ ਦਰਜ ਹੈ | ਉਨ੍ਹਾਂ ਨੰੂ ਆਨਲਾਈਨ ਸਿਸਟਮ ਸਵੀਕਾਰਨ ਹੀ ਕਰ ਰਿਹਾ ਹੈ | ਇਸ ਕਾਰਨ ਕਈ ਅਰਜ਼ੀਆਂ ਰੱਦ ਹੋ ਰਹੀਆਂ ਹਨ ਅਤੇ ਪਰਿਵਾਰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ | ਸਕੂਲ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡਿਜੀਟਲ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਬੱਚਿਆਂ ਦੇ ਦਾਖ਼ਲੇ ਪ੍ਰਭਾਵਿਤ ਹੋ ਰਹੇ ਹਨ | ਅਧਿਆਪਕਾਂ ਦਾ ਕਹਿਣਾ ਹੈ ਕਿ ਖ਼ਾਸ ਤੌਰ 'ਤੇ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਨੰੂ ਸਭ ਤੋ ਵੱਧ ਮੁਸ਼ਕਲਾਂ ਦਾ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਪਹਿਲਾਂ ਤੋਂ ਉਪਲਬਧ ਨਹੀਂ ਹਨ | ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਬੋਰਡ ਵਲੋਂ ਇਹ ਨਿਰਦੇਸ਼ ਪਿਛਲੇ ਸਾਲ ਦੇ ਅੰਤ ਵਿਚ ਜਾਰੀ ਕਰ ਦਿੱਤੇ ਜਾਂਦੇ ਤਾਂ ਮਾਪਿਆਂ ਨੰੂ ਸਮੇਂ ਸਿਰ ਡਿਜੀਟਲ ਸਰਟੀਫਿਕੇਟ ਬਣਵਾਉਣ ਦਾ ਮੌਕਾ ਮਿਲ ਜਾਂਦਾ ਅਤੇ ਦਾਖ਼ਲਿਆਂ ਦੌਰਾਨ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਸੀ, ਉਥੇ ਹੀ ਮਾਪਿਆਂ ਦਾ ਦੋਸ਼ ਹੈ ਕਿ ਦਸਤਾਵੇਜ਼ੀ ਕਾਰਵਾਈ ਦੀ ਪੇਚੀਦਗੀ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਕਈ ਵਿਦਿਆਰਥੀ ਦਾਖ਼ਲੇ ਦੀ ਉਡੀਕ ਵਿਚ ਸਕੂਲਾਂ ਤੋ ਬਾਹਰ ਹਨ, ਜਿਸ ਨਾਲ ਨਵੇਂ ਸੈਸ਼ਨ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ |