ਫੁੱਲਾਂਵਾਲ, 20 ਮਈ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ, ਪਬਲਿਕ ਸਕੂਲ, ਪੱਖੋਵਾਲ ਰੋਡ ਦੇ ਕਿੰਡਰਗਾਰਟਨ ਵਿੰਗ ਵਲੋਂ ਮਦਰਜ਼ ਡੇ ''ਵਾਤਸਲਿਆ2026'' ਨਾਮਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਮਨਾਇਆ ਗਿਆ, ਜੋ ਮਾਂ ਦੇ ਨਿਸ਼ਕਾਮ ਪਿਆਰ, ਸਨੇਹ, ਤਿਆਗ ਅਤੇ ਮਮਤਾ ਨੂੰ ਸਮਰਪਿਤ ਇਕ ਭਾਵਪੂਰਨ ਸ਼ਰਧਾਂਜਲੀ ਸਾਬਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਹੋਈ | ਮੁੱਖ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕਰਕੇ ਸਮਾਗਮ ਨੂੰ ਸ਼ਾਨਦਾਰ ਬਣਾਇਆ ਗਿਆ | ਇਸ ਮੌਕੇ ਪ੍ਰਸਿੱਧ ਸ਼ੈਫ਼ ਸੁਧਾਂਸ਼ੂ ਪਿ੍ਯਦਰਸ਼ੀ ਅਤੇ ਮਿਸਿਜ਼ ਗੁਰਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੱਜ ਵਜੋਂ ਹਾਜ਼ਰ ਰਹੇ | ਕਿੰਡਰਗਾਰਟਨ ਦੇ ਬੱਚਿਆਂ ਦੀਆਂ ਮਾਵਾਂ ਅਤੇ ਦਾਦੀਆਂ ਨੇ ਬੜੇ ਜੋਸ਼ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਕੁਕਿੰਗ, ਪੇਂਟਿੰਗ, ਮਹਿੰਦੀ, ਯੋਗਾ, ਕਰੋਸ਼ੀਆ, ਰੇਡੀਓ ਜੌਕੀ ਅਤੇ ਰੈਂਪ ਵਾਕ ਵਰਗੀਆਂ ਰਚਨਾਤਮਿਕ ਪ੍ਰਤੀਯੋਗਤਾਵਾਂ ਨੇ ਸਮਾਗਮ ਨੂੰ ਰੰਗਾਰੰਗ ਬਣਾ ਦਿੱਤਾ | ਮਾਵਾਂ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਮਾਂ-ਬੱਚੇ ਦੇ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤੀ ਮਿਲੀ | ਅਕਾਦਮਿਕ ਸੁਪਰਵਾਈਜ਼ਰ ਮਿਸਿਜ਼ ਸੰਗੀਤਾ ਮੋਹਿੰਦਰੂ ਨੇ ਮਾਵਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿੰਡਰਗਾਰਟਨ ਵਿੰਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਰ ਭਾਗੀਦਾਰ ਦੀ ਸਰਾਹਨਾ ਕੀਤੀ |