ਲੁਧਿਆਣਾ, 23 ਮਈ (ਜਤਿੰਦਰ ਭੰਬੀ)-ਗੌਰਮਿੰਟ ਕਾਲਜ (ਲੜਕੇ) ਵਿਖੇ ਡਰੱਗ ਅਤੇ ਸੋਸ਼ਲ ਇਕਨਾਮਿਕ ਸੈਸ਼ਨ ਵਿਚ ਅਧਿਆਪਕਾਂ ਦੀਆਂ ਲੱਗੀਆਂ ਦੋਹਰੀਆਂ ਡਿਊਟੀਆਂ ਕਾਰਨ ਅਧਿਆਪਕਾਂ ਵਲੋਂ ਉੱਚ ਅਧਿਕਾਰੀਆਂ ਦਾ ਡਟਵਾਂ ਵਿਰੋਧ ਕੀਤਾ ਗਿਆ | ਅਧਿਆਪਕਾਂ ਦੀਆਂ ਪਹਿਲਾਂ ਹੀ ਐਸ.ਆਈ.ਆਰ. ਅਤੇ ਜਨਗਣਨਾ-2027 ਵਰਗੇ ਸੰਵੇਦਨਸ਼ੀਲ ਕਾਲਜਾਂ 'ਚ ਡਿਊਟੀਆਂ ਲੱਗੀਆਂ ਹੋਈਆਂ ਹਨ | ਅਧਿਆਪਕਾਂ ਵਲੋਂ ਜਦੋਂ ਅਧਿਕਾਰੀਆਂ ਨੂੰ ਡਬਲ ਡਿਊਟੀਆਂ ਅਤੇ ਸਕੂਲ ਅਧਿਆਪਕਾਂ ਤੋਂ ਖ਼ਾਲੀ ਹੋਣ ਬਾਰੇ ਕਿਹਾ ਗਿਆ | ਅਧਿਕਾਰੀਆਂ ਨੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਸਕੂਲ ਦੀ ਗੱਲ ਨਾ ਕਰੋ, ਡਿਊਟੀਆਂ ਕਰਨੀਆਂ ਹੀ ਪੈਣੀਆਂ ਹਨ | ਇਸ ਲਈ ਅਧਿਆਪਕਾਂ 'ਚ ਗ਼ੁੱਸੇ ਦੀ ਲਹਿਰ ਫੈਲ ਗਈ | ਅਧਿਆਪਕਾਂ ਨੇ ਕੋਰੀਡੋਰ 'ਚ ਧਰਨਾ ਦੇ ਕੇ ਰੱਜ ਕੇ ਭੜਾਸ ਕੱਢੀ ਅਤੇ ਵਿਰੋਧ ਜਤਾਇਆ | ਇਸ ਉਪਰੰਤ ਜਲਦ ਹੀ ਉੱਚ ਅਧਿਕਾਰੀ ਹਰਕਤ ਵਿਚ ਆਏ ਅਤੇ ਡਬਲ ਡਿਊਟੀਆਂ ਵਾਲੇ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ | ਇਸ ਸਮੇਂ ਅਧਿਆਪਕ ਵਰਗ ਵਲੋਂ ਪ੍ਰਭਦਿਆਲ ਸਿੰਘ, ਸ਼ਮਸ਼ੇਰ ਸਿੰਘ, ਸੰਜੀਵ ਸ਼ਰਮਾ, ਸੰਦੀਪ ਕੁਮਾਰ, ਨਰਿੰਦਰ ਸਿੰਘ ਆਦਿ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਉਚ ਅਧਿਕਾਰੀਆਂ ਤੱਕ ਪਹੁੰਚਾਉਣ ਵਿਚ ਮਦਦ ਕੀਤੀ |