ਆਲਮਗੀਰ, 24 ਮਈ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੇਰੀ ਰਸੋਈ ਸਕੀਮ ਤਹਿਤ ਸਥਾਨਕ ਇਤਿਹਾਸਕ ਨਗਰ ਆਲਮਗੀਰ ਵਿਖੇ ਜ਼ਰੂਰਤਮੰਦ ਵਰਗਾਂ ਨੂੰ ਸਰਪੰਚ ਕਰਨਜੋਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ ਗਈਆਂ | ਇਸ ਮੌਕੇ ਵੱਡੀ ਗਿਣਤੀ ਵਿਚ ਜੁੜ ਬੈਠੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਕਰਨਜੋਤ ਸਿੰਘ ਗਰੇਵਾਲ ਆਲਮਗੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿਥੇ ਸੂਬੇ ਅੰਦਰ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ, ਉਥੇ ਹੀ ਜ਼ਰੂਰਤਮੰਦ ਵਰਗਾਂ ਨੂੰ ਰਸੋਈ ਦਾ ਸਾਮਾਨ ਮੁਹੱਈਆ ਕਰਵਾ ਕੇ 'ਆਪ' ਸਰਕਾਰ ਨੇ ਸਾਬਤ ਕੀਤਾ ਹੈ ਕਿ 'ਆਪ' ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ | ਸਰਪੰਚ ਗਰੇਵਾਲ ਨੇ ਕਿਹਾ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਸੁਹਿਰਦ ਯਤਨਾਂ ਸਦਕਾ ਜ਼ਰੂਰਤਮੰਦ ਵਰਗਾਂ ਨੂੰ ਜਿੱਥੇ ਰਸੋਈ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ, ਉੱਥੇ ਹੀ ਆਮ ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਦਾ ਕੋਈ ਵੀ ਬਾਸ਼ਿੰਦਾ ਭੁੱਖੇ ਪੇਟ ਸੌਣ ਲਈ ਮਜਬੂਰ ਨਾ ਹੋਵੇ | ਸਰਪੰਚ ਗਰੇਵਾਲ ਨੇ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਵੀ ਜ਼ਰੂਰਤਮੰਦ ਵਰਗ ਇਸ ਸਕੀਮ ਤੋਂ ਵਾਂਝਾ ਨਹੀਂ ਰਹੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਰਗਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਕੇ ਮਹਿੰਗਾਈ ਦੇ ਦੌਰ 'ਚ ਰਾਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਦੀ ਬਦੌਲਤ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ 'ਆਪ' ਉਮੀਦਵਾਰ ਵੱਡੀ ਬਹੁਮਤ ਨਾਲ ਜਿੱਤ ਕੇ 'ਆਪ' ਸਰਕਾਰ ਦਾ ਗਠਨ ਕਰਨਗੇ | ਇਸ ਮੌਕੇ ਪੰਚ ਰਾਮਆਸਰਾ ਸਿੰਘ, ਪੰਚ ਨਾਮਦੇਵ ਸਿੰਘ, ਪੰਚ ਕਰਨਦੀਪ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਹਰਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |