ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਨੇ ਥਾਣਾ ਡਿਵੀਜ਼ਨ ਨੰਬਰ 8 ਵਿਚ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ 14000 ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਿਜੀਲੈਂਸ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਵਜੋਂ ਕੀਤੀ ਗਈ ਹੈ ਅਤੇ ਉਹ ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਤੈਨਾਤ ਹੈ | ਵਿਜੀਲੈਂਸ ਵਲੋਂ ਇਹ ਕਾਰਵਾਈ ਹੈਬੋਵਾਲ ਦੇ ਰਹਿਣ ਵਾਲੇ ਰਾਮ ਈਸ਼ਵਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਉਨ੍ਹਾਂ ਦੱਸਿਆ ਕਿ ਰਾਮ ਈਸ਼ਵਰ ਦੀ ਲੜਕੀ ਜੋ ਕਿ ਘੁਮਾਰ ਮੰਡੀ ਨੇੜੇ ਸਥਿਤ ਆਈਟੀਆਈ ਸਰਕਾਰੀ ਇੰਸਟੀਚਿਊਟ ਵਿਚ ਕੋਰਸ ਕਰ ਰਹੀ ਹੈ | 18 ਮਈ ਨੂੰ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਰਾਮ ਈਸ਼ਵਰ ਨੇ ਪੁਲਿਸ ਪਾਸ ਲਿਖਵਾਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਪੁਨੀਤ ਕੁਮਾਰ ਉਸਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ | ਇਸ ਸਬੰਧੀ ਸ਼ਿਕਾਇਤ ਦੀ ਜਾਂਚ ਦਾ ਕੰਮ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ ਸੌਂਪਿਆ ਗਿਆ ਸੀ | ਜਦੋਂ ਉਹ ਐਫਆਈਆਰ ਦਰਜ ਕਰਵਾਉਣ ਲਈ ਉਕਤ ਕਥਿਤ ਦੋਸ਼ੀ ਨੂੰ ਮਿਲਿਆ ਤਾਂ ਉਸ ਵਲੋਂ 20 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ | ਰਾਮ ਈਸ਼ਵਰ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਉਸ ਪਾਸੋਂ 6000 ਪਹਿਲਾਂ ਹੀ ਲੈ ਲਏ ਸਨ ਅਤੇ 14000 ਦੀ ਹੋਰ ਮੰਗ ਕਰ ਰਿਹਾ ਸੀ | ਉਸ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਬੀਤੀ ਸ਼ਾਮ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਐਫਆਈਆਰ ਦੀ ਕਾਪੀ ਦੇਣ ਸਮੇਂ ਉਸ ਪਾਸੋਂ 14000 ਦੀ ਰਿਸ਼ਵਤ ਲਈ ਜਾਣੀ ਸੀ | ਇਸ ਦੌਰਾਨ ਰਾਮ ਈਸ਼ਵਰ ਨੇ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਵਲੋਂ ਅੱਜ ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਛਾਪਾਮਾਰੀ ਦੌਰਾਨ ਹਰਦੀਪ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ | ਉਸ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |