ਇਆਲੀ/ਥਰੀਕੇ, 2 ਜੂਨ (ਮਨਜੀਤ ਸਿੰਘ ਦੁੱਗਰੀ)-ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਪਾਲਨਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਬੇਅਦਬੀ ਦੇ ਸਬੰਧ ਦੇ ਵਿਚ ਨਵੇਂ ਬਣਾਏ ਗਏ ਕਾਨੂੰਨ ਦੇ ਵਿਰੋਧ 'ਚ ਲੁਧਿਆਣਾ ਵਿਖੇ ਜਥੇਦਾਰ ਹੀਰਾ ਸਿੰਘ ਗਾਬੜੀਆ ਵਲੋਂ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਕਰਵਾਈ ਗਈ ਭਰਵੀਂ ਤੇ ਇਤਿਹਾਸਕ ਮੀਟਿੰਗ 'ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਦੇ ਪਹੁੰਚਣ 'ਤੇ ਸਿੰਘ ਸਾਹਿਬ ਦੇ ਵਿਚਾਰ ਸੁਣਨ ਲਈ ਪਹੁੰਚੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਤ ਸਮਾਜ, ਸਿੱਖ ਸੰਸਥਾਵਾਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਜਥੇਦਾਰ ਹੀਰਾ ਸਿੰਘ ਗਾਬੜੀਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਸਾਬਕਾ ਮੰਤਰੀ ਪੰਜਾਬ, ਸੀਨੀ. ਅਕਾਲੀ ਆਗੂ ਬਾਬਾ ਅਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਲੁਧਿਆਣਾ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਧੰਨਵਾਦ ਕੀਤਾ | ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਏਗਾ, ਉਸ 'ਤੇ ਸਿੱਖ ਕੌਮ ਡਟ ਕੇ ਪਹਿਰਾ ਦੇਵੇਗੀ, ਜਦ ਪੰਜਾਬ ਸਰਕਾਰ ਨਵੇਂ ਬਣੇ ਕਾਨੂੰਨ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਅਨੁਸਾਰ ਸੋਧ ਨਹੀਂ ਕਰਦੀ, ਕਾਨੂੰਨ ਨੂੰ ਨਹੀਂ ਬਦਲਦੀ, ਉਦੋਂ ਤੱਕ ਸਿੱਖ ਕੌਮ ਕਾਨੂੰਨ ਨੂੰ ਨਹੀਂ ਮੰਨੇਗੀ | ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਬਲਵਿੰਦਰ ਸਿੰਘ ਲਾਇਲਪੁਰੀ, ਜਥੇਦਾਰ ਨਛੱਤਰ ਸਿੰਘ ਸਿੱਧੂ, ਤੇਜਿੰਦਰ ਸਿੰਘ ਡੰਗ ਨੇ ਵੀ ਸਮੂਹ ਸੰਗਤਾਂ ਦਾ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ |