ਲੁਧਿਆਣਾ, 6 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਮਾਲਪੁਰ ਸਥਿਤ ਬਚਿੱਤਰ ਨਗਰ ਵਿਚ ਬੀਤੇ ਵੀਰਵਾਰ ਨੰੂ ਗੈਸ ਲੀਕ ਹੋਣ ਕਾਰਨ ਇਕ ਘਰ ਵਿਚ ਹੋਏ ਭਿਆਨਕ ਧਮਾਕੇ ਦੌਰਾਨ ਗੰਭੀਰ ਰੂਪ ਵਿਚ ਝੁਲਸੇ ਨੌਜਵਾਨ ਕਰਨ ਦੀ ਇਲਾਜ ਦੌਰਾਨ ਮੌਤ ਹੋ ਗਈ | ਕਰਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ | ਜ਼ਿਕਰਯੋਗ ਹੈ ਕਿ ਬਚਿੱਤਰ ਨਗਰ ਵਿਚ ਵਿਨੋਦ ਸ਼ਰਮਾ ਦੇ ਘਰ ਵਿਚ ਗੈਸ ਲੀਕ ਹੋਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਸੀ | ਇਸ ਹਾਦਸੇ ਵਿਚ ਘਰ ਦੇ ਮਾਲਕ ਵਿਨੋਦ ਮਿਸ਼ਰਾ, ਉਨ੍ਹਾਂ ਦੀ ਪਤਨੀ ਰਿਆ ਅਤੇ ਪੁੱਤਰ ਕਰਨ ਬੁਰੀ ਤਰ੍ਹਾਂ ਝੁਲਸ ਗਏ ਸਨ | ਤਿੰਨਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ | ਹਸਪਤਾਲ ਵਿਚ ਕਰਨ ਦੀ ਹਾਲਤ ਗੰਭੀਰ ਬਣੀ ਹੋਈ ਸੀ | ਡਾਕਟਰਾਂ ਵਲੋਂ ਉਸ ਨੰੂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ |