ਲੁਧਿਆਣਾ, 7 ਜੂਨ (ਜਤਿੰਦਰ ਭੰਬੀ)-ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨਜ਼ ਦੇ ਈਕੋ ਕਲੱਬ ਅਤੇ ਐਨ.ਐਸ.ਐਸ. ਯੂਨਿਟ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਵਾਤਾਵਰਨ ਦਿਵਸ ਮਨਾਇਆ | ਈਕੋ ਕਲੱਬ ਅਤੇ ਐਨ. ਐਸ. ਐਸ. ਯੂਨਿਟ ਦੇ ਮੈਂਬਰਾਂ ਨੇ ਕਾਲਜ ਕੈਂਪਸ ਅਤੇ ਇਸ ਦੇ ਆਲੇ-ਦੁਆਲੇ ਜਿਥੇ ਬੀਤੇ ਦਿਨੀਂ ਵੱਖ-ਵੱਖ ਥਾਵਾਂ 'ਤੇ ਪੰਛੀਆਂ ਲਈ ਪਾਣੀ ਦੇ ਬਰਤਨ ਰੱਖੇ ਉਥੇ ਹੀ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਕਾਲਜ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਵਿਦਿਆਰਥੀਆਂ ਨੇ ਪੌਦੇ ਲਗਾ ਕੇ ਅਤੇ ਵਾਤਾਵਰਨ ਸੰਭਾਲ ਅਤੇ ਟਿਕਾਊ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾ ਕੇ ਸਰਗਰਮ ਭੂਮਿਕਾ ਨਿਭਾਈ | ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ, ਤਾਂ ਜੋ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਅਪਣਾਇਆ ਜਾ ਸਕੇ ਅਤੇ Tਪਲਾਸਟਿਕ ਨੂੰ ਨਾਂ ਕਹੋU ਮੁਹਿੰਮ ਨੂੰ ਸਮਰਥਨ ਮਿਲ ਸਕੇ | ਇਨ੍ਹਾਂ ਉਪਰਾਲਿਆਂ ਦੀ ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਕਾਲਜ ਪ੍ਰਸ਼ਾਸਨ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਇਹ ਪ੍ਰੋਗਰਾਮ ਡਾ. ਨਰਿੰਦਰਜੀਤ ਕੌਰ, ਡਾ. ਮੋਨਿਤਾ ਧੀਮਾਨ, ਡਾ. ਪੂਜਾ ਚੈਟਲੀ, ਡਾ. ਸੁਖਜੀਤ ਕੌਰ ਅਤੇ ਮਨਦੀਪ ਅਰੋੜਾ ਦੀ ਅਗਵਾਈ ਹੇਠ ਹੋਇਆ | ਕਾਲਜ ਦੇ ਭਾਰਤ ਵਿਕਾਸ ਪਰਿਸ਼ਦ ਦੀਆਂ ਮੈਂਬਰਾਂ ਸੁਨੀਤਾ ਚੈਟਲੀ, ਰਾਜੇਸ਼ਵਰੀ ਰਾਉਤੇਲਾ, ਸੁਰੀਤਾ ਸ਼ਰਮਾ, ਅੰਜੂ ਸ਼ਰਮਾ, ਸੁਸ਼੍ਰੀ ਮੀਨਾਕਸ਼ੀ ਸੂਦ, ਪੂਜਾ ਅਰੋੜਾ ਅਤੇ ਨੀਲਮ ਬਜਾਜ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |