ਲੁਧਿਆਣਾ, 7 ਜੂਨ (ਡਾ. ਤਰਲੋਚਨ ਸਿੰਘ)-ਸਾਵਣ ਕਿ੍ਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿ੍ਪਾਲ ਆਸ਼ਰਮ ਵਿਖੇ ਅੱਜ ਕਿ੍ਸ਼ਨਾ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ਹਸਪਤਾਲ ਦੇ ਦਿਲ ਰੋਗਾਂ ਦੇ ਮਾਹਿਰ ਡਾ. ਸਵਾਤੀ ਖੁਰਾਣਾ ਅਤੇ ਉਨ੍ਹਾਂ ਦੀ ਟੀਮ ਨੇ ਕੈਂਪ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਪਹੁੰਚੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮਿਸ਼ਨ ਵਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਦੌਰਾਨ ਸੀ.ਟੀ. ਯੂਨੀਵਰਸਿਟੀ ਦੇ ਫਿਜੀਓਥੈਰੇਪੀ ਵਿਭਾਗ ਦੀ ਡਾ. ਸ਼ਮਿੰਦਰ ਕੌਰ ਅਤੇ ਡਾ. ਨੇਹਾ ਵਲੋਂ ਹੱਡੀਆਂ, ਜੋੜਾਂ, ਗਰਦਨ, ਕਮਰ ਦਰਦ, ਨਿਊਰੋਲੋਜੀਕਲ ਅਤੇ ਹੋਰ ਸਰੀਰਕ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਕਸਰਤ, ਰੋਜ਼ਾਨਾ ਸੈਰ, ਸਹੀ ਬੈਠਣ-ਉੱਠਣ ਦੇ ਤਰੀਕਿਆਂ ਅਤੇ ਦਰਦ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਕੈਂਪ ਵਿਚ ਮਰੀਜ਼ਾਂ ਦਾ ਬੀ.ਪੀ. ਅਤੇ ਬਲੱਡ ਸ਼ੂਗਰ ਦੇ ਟੈੱਸਟ ਵੀ ਮੁਫ਼ਤ ਕੀਤੇ ਗਏ | ਇਸ ਮੌਕੇ ਡਾਕਟਰਾਂ ਨੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਉਹ ਫਾਸਟ-ਫੂਡ ਅਤੇ ਜੰਕ-ਫੂਡ ਦੇ ਸੇਵਨ ਕਰਨ ਦੀ ਬਜਾਏ ਘਰ ਦਾ ਬਣਿਆ ਖਾਣਾ ਹੀ ਖਾਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ | ਇਸ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ | ਇਸ ਮੌਕੇ ਕਿ੍ਪਾਲ ਆਸ਼ਰਮ ਲੁਧਿਆਣਾ ਦੇ ਸਕੱਤਰ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਮਿਸ਼ਨ ਦੀ 64-ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ ਵਲੋਂ ਕਈ ਪ੍ਰਕਾਰ ਦੇ ਮਾਨਵ-ਕਲਿਆਣ ਦੇ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ, ਖ਼ੂਨਦਾਨ ਕੈਂਪ, ਬੇਸਹਾਰਾ ਬੱਚਿਆਂ ਨੂੰ ਸਰਦੀਆਂ ਵਿਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤੂਆਂ ਦੀ ਮੁਫ਼ਤ ਵੰਡ ਕਰਨਾ ਸ਼ਾਮਿਲ ਹਨ |