ਲਾਡੋਵਾਲ, 11 ਜੂਨ (ਬਲਬੀਰ ਸਿੰਘ ਰਾਣਾ)-ਪਟਿਆਲਾ ਵਿਖੇ ਆਪਣੇ ਰੁਜ਼ਗਾਰ ਦੇ ਹੱਕ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਉਤੇ ਪੰਜਾਬ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਅਤਿ ਨਿੰਦਣਯੋਗ ਹੈ, ਕਿਉਂਕਿ ਆਪਣੇ ਹੱਕਾਂ ਲਈ ਲੜਨਾ, ਧਰਨੇ ਲਗਾਉਣੇ ਅਤੇ ਸੰਘਰਸ਼ ਕਰਨਾ ਕਾਨੂੰਨਨ ਹੱਕ ਹੈ, ਲੇਕਿਨ ਇਸ ਘਟਨਾ ਤੋਂ ਇੰਜ ਜਾਪਦਾ ਜਿਵੇਂ ਪੰਜਾਬ ਸਰਕਾਰ ਸੂਬੇ ਦੇ ਹੱਕ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਡਾਂਗਾਂ ਮਾਰ ਕੇ ਜ਼ਲੀਲ ਕਰਨ ਵਿਚ ਮਾਣ ਮਹਿਸੂਸ ਕਰ ਰਹੀ ਹੋਵੇ | ਉਕਤ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਜ਼ਾਦ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਨਾਗਰਿਕ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਅਧਿਕਾਰ ਹੈ | ਦੂਜੇ ਪਾਸੇ ਨੌਜਵਾਨ ਰੁਜ਼ਗਾਰ ਦੀ ਮੰਗ ਕਰ ਰਹੇ ਹਨ, ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਸੁਣਨ ਅਤੇ ਮੰਨਣ ਦੀ ਬਜਾਏ ਪੁਲਿਸ ਬਲ ਦੀ ਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਆਜ਼ਾਦ ਨੇ ਕਿਹਾ ਕਿ ਪਟਿਆਲਾ ਵਿਚ ਹੋਏ ਅੰਨੇ੍ਹ ਤਸ਼ੱਦਦ ਤੇ ਮਨੁੱਖੀ ਘਾਣ ਨੂੰ ਲੈ ਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜੋ ਨੋਟਿਸ ਲਿਆ ਗਿਆ ਅਤੇ ਡੀ.ਆਈ.ਜੀ. ਪਟਿਆਲਾ ਰੇਂਜ ਨੂੰ 10 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਸ ਨਾਲ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਇਨਸਾਫ਼ ਜ਼ਰੂਰ ਮਿਲੇਗਾ |