ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੇਮ ਨਗਰ ਵਿਚ ਚੋਰ ਮੰਦਰ ਵਿਚ ਪਈ ਗੋਲਕ ਨੂੰ ਤੋੜ ਕੇ ਉਸ ਵਿਚ ਪਈ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਬੀਤੀ ਸ਼ਾਮ ਉਸ ਵਕਤ ਵਾਪਰੀ, ਜਦੋਂ ਇਕ ਨੌਜਵਾਨ ਮੰਦਰ 'ਚ ਦਾਖਲ ਹੋਇਆ, ਉਸ ਵਕਤ ਮੰਦਰ ਵਿਚ ਕੋਈ ਨਹੀਂ ਸੀ | ਪਹਿਲਾਂ ਉਸ ਨੇ ਮੰਦਰ ਵਿਚ ਮੱਥਾ ਟੇਕਿਆ ਅਤੇ ਬਾਅਦ ਵਿਚ ਗੋਲਕ ਤੋੜ ਕੇ ਉਸ ਵਿਚ ਪਈ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਿਆ, ਜਦੋਂ ਪੁਜਾਰੀ ਵਿੱਕੀ ਉੱਥੇ ਆਇਆ ਤਾਂ ਉਸ ਨੇ ਦੇਖਿਆ ਕਿ ਗੋਲਕ ਟੁੱਟੀ ਹੋਈ ਹੈ ਤੇ ਉਸ ਵਿਚੋਂ ਨਗਦੀ ਚੋਰੀ ਹੋ ਚੁੱਕੀ ਸੀ, ਜਿਸ 'ਤੇ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ, ਪਰ ਹਾਲ ਦੀ ਘੜੀ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ | ਪੁਲਿਸ ਵਲੋਂ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |