ਲੁਧਿਆਣਾ, 13 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਗਣਿਤ, ਸਟੈਟਟਿਕਸ ਅਤੇ ਫਿਜ਼ਿਕਸ ਵਿਭਾਗ ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ | ਇਸ ਵਿਚ ਮਾਹਿਰ ਵਕਤਾ ਵਜੋਂ ਪੀ.ਏ.ਯੂ. ਦੇ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਅਤੇ ਸਾਬਕਾ ਵਿਦਿਆਰਥੀ ਡਾ. ਸਰਜਿੰਦਰ ਸਿੰਘ ਸ਼ਾਮਿਲ ਹੋਏ | ਡਾ. ਸਰਜਿੰਦਰ ਸਿੰਘ ਹਾਲੀਆ ਸਮੇਂ ਟੈਕਸਾਸ ਯੂਨੀਵਰਸਿਟੀ ਕਿੰਗਜ਼ਵਿਲੇ ਅਮਰੀਕਾ ਦੇ ਗਣਿਤ ਵਿਭਾਗ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਜ਼ਟਿੰਗ ਪ੍ਰੋਫੈਸਰ ਵਜੋਂ ਯੂਨੀਵਰਸਿਟੀ ਨਾਲ ਜੁੜੇ ਡਾ. ਸਰਜਿੰਦਰ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸਨਮਾਨ ਦੀ ਰਸਮ ਅਦਾ ਕੀਤੀ | ਵਿਚਾਰ-ਚਰਚਾ ਦੌਰਾਨ ਡਾ. ਸਰਜਿੰਦਰ ਸਿੰਘ ਨੇ ਅਮਰੀਕਾ ਵਿਚ ਅਧਿਆਪਨ ਦੇ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਨੇ ਮੌਜੂਦਾ ਵਿਦਿਆਰਥੀਆਂ ਨੂੰ ਸਮੂਹਿਕ ਰੂਪ ਵਿਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਖੋਜ ਅਤੇ ਅਧਿਆਪਨ ਨੂੰ ਬਿਹਤਰ ਬਨਾਉਣ ਦੇ ਨੁਕਤੇ ਵੀ ਸਾਂਝੇ ਕੀਤੇ | ਡਾ. ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਨਿਸ਼ਾਨੇ ਮਿੱਥ ਕੇ ਉਹਨਾਂ ਦੀ ਪ੍ਰਾਪਤੀ ਲਈ ਸਮਰਪਣ ਨਾਲ ਕਾਰਜ ਕਰਨਾ ਸਫਲਤਾ ਦੀ ਪੂੰਜੀ ਹੈ | ਇਸ ਮੌਕੇ ਸੰਬੰਧਿਤ ਵਿਭਾਗਾਂ ਦੇ ਅਧਿਆਪਨ ਅਮਲੇ, ਖੋਜਾਰਥੀਆਂ ਅਤੇ ਪੀ ਜੀ ਵਿਦਿਆਰਥੀਆਂ ਨੇ ਵਿਚਾਰ-ਚਰਚਾ ਵਿਚ ਭਾਗ ਲਿਆ | ਵਿਦਿਆਰਥੀਆਂ ਨੇ ਡਾ. ਸਿੰਘ ਤੋਂ ਬਹੁਤ ਸਾਰੇ ਸਵਾਲ ਪੁੱਛੇ ਅਤੇ ਉਨ੍ਹਾਂ ਦੇ ਜੀਵਨ ਤਜ਼ਰਬਿਆਂ ਨੂੰ ਗਿਆਨ ਦੇ ਸਰੋਤ ਵਜੋਂ ਦੇਖਿਆ |