ਲੁਧਿਆਣਾ, 13 ਜੂਨ (ਜਸਵੀਰ ਸਿੰਘ ਬੰਗਾ)-ਭਾਜਪਾ ਜੋ ਆਪਣੀ ਵਿਚਾਰਧਾਰਾ 'ਤੇ ਅਡੋਲ ਰਹਿ ਕੇ ਸਿਆਸਤ 'ਚ ਵਿਚਰਨ ਦਾ ਹਮੇਸ਼ਾ ਢੰਡੋਰਾ ਪਿੱਟਦੀ ਸੀ, ਹੁਣ ਵਿਚਾਰਧਾਰਾ ਛੱਡ ਕੇ ਪੰਜਾਬ ਨੂੰ ਸਿਆਸੀ ਪ੍ਰਯੋਗਸ਼ਾਲਾ ਬਣਾ ਕੇ ਬਾਹਰੋਂ ਦੂਸਰੀਆਂ ਪਾਰਟੀਆਂ ਤੋਂ ਆਏ ਨੇਤਾਵਾਂ 'ਤੇ ਦਾਅ ਖੇਡ ਰਹੀ ਹੈ, ਜਿਸ ਨਾਲ ਪੁਰਾਣੇ ਵਰਕਰ ਨਿਰਾਸ਼ ਅਤੇ ਨਾਰਾਜ਼ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਹਲਕਾ ਦੱਖਣੀ ਵਿਚ ਕਾਂਗਰਸ ਪਾਰਟੀ ਦੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਸਮੇਂ ਜ਼ਿਲ੍ਹਾ ਕਾਂਗਰਸ (ਓ.ਬੀ.ਸੀ.) ਦੇ ਪ੍ਰਧਾਨ ਵਰਿੰਦਰ ਭੱਲਾ, ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਗੁਰਨਾਮ ਸਿੰਘ ਕਲੇਰ, ਮਨਿੰਦਰ ਸਿੰਘ ਊਬੀ ਅਤੇ ਜ਼ਿਲ੍ਹਾ ਕਾਂਗਰਸ ਦੇ ਵਾਈਸ ਪ੍ਰਧਾਨ ਮਾਸਟਰ ਹਰੀਦੇਵ ਬਾਵਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬਾਵਾ ਨੇ ਕਿਹਾ ਕਿ ਭਾਜਪਾ ਸਮਾਜ ਵਿਚ ਵੰਡੀਆਂ ਪਾ ਕੇ ਰਾਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੀਨਾਕਸ਼ੀ ਨਟਰਾਜਨ ਦੇ ਰਾਜ ਸਭਾ ਦੇ ਪੇਪਰ ਰੱਦ ਕਰਨਾ ਭਾਜਪਾ ਦਾ ਸਿਆਸੀ ਸ਼ੜਯੰਤਰ ਹੈ, ਜਿਸਦੀ ਹਰ ਭਾਰਤੀ ਨਿੰਦਾ ਕਰ ਰਿਹਾ ਹੈ | ਇਹ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਹੈ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਪਰਚੀ (ਵੋਟ) ਦੀ ਰਾਜਨੀਤੀ ਵਿਚ ਫ਼ੇਲ੍ਹ ਹੋਈ ਹੈ, ਹੁਣ ਪਰਚਿਆਂ ਦੀ ਰਾਜਨੀਤੀ ਕਰ ਰਹੀ ਹੈ, ਜੋ ਪਿਛਲੀਆਂ ਚੋਣਾਂ ਵਿਚ ਸਭ ਨੇ ਦੇਖਿਆ ਹੈ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ 'ਤੇ ਤਸ਼ੱਦਦ ਕਰਕੇ 'ਆਪ' ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਬੇਗਾਨਿਆਂ ਦੀ ਸਰਕਾਰ ਹੈ ਜਿਸ ਦਾ ਪੰਜਾਬ ਦੀ ਧਰਤੀ ਨਾਲ ਵੋਟਾਂ ਤੋਂ ਬਿਨਾਂ ਕੋਈ ਰਿਸ਼ਤਾ ਨਹੀਂ |