ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਦੇ ਉਚ ਅਧਿਕਾਰੀ ਨਾਲ ਉਲਝਣ ਵਾਲੇ ਅਕਾਲੀ ਕੌਂਸਲਰ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਨਗਰ ਨਿਗਮ ਜ਼ੋਨ ਬੀ. ਵਿਚ ਤੈਨਾਤ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦਫ਼ਤਰ ਵਿਚ ਬੈਠਾ ਸੀ। ਇਸ ਦੌਰਾਨ ਵਾਰਡ ਨੰਬਰ 20 ਦਾ ਕੌਂਸਲਰ ਚਤਰਵੀਰ ਸਿੰਘ ਉਰਫ਼ ਕਮਲ ਅਰੋੜਾ ਉਥੇ ਆਇਆ। ਉਸ ਦੱਸਿਆ ਕਿ ਉਸ ਵਕਤ ਉਹ ਆਪਣਾ ਦਫ਼ਤਰੀ ਕੰਮ ਕਰ ਰਹੇ ਸਨ। ਸੜਕ ਦੀ ਉਸਾਰੀ ਨੂੰ ਲੈ ਕੇ ਉਕਤ ਕੌਂਸੱਲਰ ਉਨ੍ਹਾਂ ਨਾਲ ਉਲਝ ਪਿਆ। ਜਦੋਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਧਿਆਨ ਵਿਚ ਹੈ ਤਾਂ ਕੌਂਸਲਰ ਇਕਦਮ ਤੈਸ਼ ਵਿਚ ਆ ਗਿਆ ਅਤੇ ਹੱਥੋਂਪਾਈ ‘ਤੇ ਉਤਰ ਆਇਆ। ਉਸ ਦੇ ਦਫ਼ਤਰ ਵਿਚ ਪਏ ਦਸਤਾਵੇਜ਼ਾਂ ਨੂੰ ਕਥਿਤ ਦੋਸ਼ੀ ਵਲੋਂ ਖਿਲਾਰ ਦਿੱਤਾ ਗਿਆ। ਰੋਲ਼ੇ ਦੀ ਆਵਾਜ਼ ਸੁਣ ਕੇ ਉਥੇ ਹੋਰ ਲੋਕ ਆ ਗਏ, ਜਿਨ੍ਹਾਂ ਨੇ ਕਮਲ ਅਰੋੜਾ ਨੂੰ ਉਸ ਤੋਂ ਵੱਖ ਕੀਤਾ। ਪ੍ਰਵੀਨ ਸਿੰਗਲਾ ਵਲੋਂ ਇਹ ਸਾਰਾ ਮਾਮਲਾ ਨਗਰ ਨਿਗਮ ਦੇ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ। ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਹੈ ਕਿ ਅਕਾਲੀ ਦਲ ਕੌਂਸਲਰ ਕਮਲ ਅਰੋੜਾ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀ ਵਲੋਂ ਅਕਾਲੀ ਕੌਂਸਲਰ ਦੇ ਹਲਕੇ ਵਿਚ ਵਿਕਾਸ ਕਾਰਜ ਨਹੀਂ ਕੀਤੇ ਗਏ ਸਨ, ਜਿਸ ਸਬੰਧੀ ਉਹ ਗੱਲ ਕਰਨ ਲਈ ਉਥੇ ਗਏ ਸਨ। ਉਨ੍ਹਾਂ ਦੱਸਿਆ ਕਿ ਅਕਸਰ ਨਗਰ ਨਿਗਮ ਦੇ ਅਧਿਕਾਰੀ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਕਮਲ ਅਰੋੜਾ ਦੇ ਨਾਲ ਖੜ੍ਹਾ ਹੈ ਅਤੇ ਕਿਸੇ ਵੀ ਬੇਇਨਸਾਫ਼ੀ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।