ਲੁਧਿਆਣਾ, 15 ਜੂਨ (ਜਸਵਿੰਦਰ ਸਿੰਘ)-ਖੇਤੀ ਅਤੇ ਕਿਸਾਨੀ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਸਦਕਾ ਪੀ.ਏ.ਯੂ. ਇਤਿਹਾਸ ‘ਚ ਦੇਸ਼ ਦੀ ਖੇਤੀਬਾੜੀ ਯੂਨੀਵਰਸਿਟੀ ਵਜੋਂ ਨਾਮਜ਼ਦ ਹੁੰਦੀ ਰਹੀ ਹੈ ਅਤੇ ਵਰਤਮਾਨ ਵਿਚ ਵੀ ਯੂਨੀਵਰਸਿਟੀ ਨੇ ਆਪਣਾ ਇਹੀ ਮਰਤਬਾ ਬਣਾਈ ਰੱਖਿਆ ਹੈ। ਬੀਤੇ ਦਿਨੀਂ ਇੰਟਰਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ (ਆਈ.ਆਈ.ਆਰ.ਐਫ.) 2026 ਦੀ ਰੈਂਕਿੰਗ ਵਿਚ ਦੇਸ਼ ਦੀਆਂ 67 ਖੇਤੀਬਾੜੀ ਅਤੇ ਬਾਗ਼ਬਾਨੀ ਯੂਨੀਵਰਸਿਟੀਆਂ ਵਿਚੋਂ ਸਿਖਰਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਦੇਸ਼ ਭਰ ਦੀਆਂ ਸਮੁੱਚੀਆਂ ਸੰਸਥਾਵਾਂ ਦੇ ਵਰਗ ਵਿਚ ਯੂਨੀਵਰਸਿਟੀ ਨੂੰ ਦੂਸਰਾ ਦਰਜਾ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਬਿਹਤਰੀਨ ਖੇਤੀ ਯੂਨੀਵਰਸਿਟੀਆਂ ਜਿਵੇਂ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਕੋਇੰਬਟੂਰ, ਜੀਬੀ ਪੰਤ ਯੂਨੀਵਰਸਿਟੀ ਪੰਤ ਨਗਰ, ਖੇਤੀ ਵਿਗਿਆਨ ਯੂਨੀਵਰਸਿਟੀ ਬੈਂਗਲੌਰ, ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਰਿਆਣਾ ਅਤੇ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਸ੍ਰੀਨਗਰ ਵੀ ਇਸ ਰੈਂਕਿੰਗ ਦਾ ਹਿੱਸਾ ਸਨ ਜਿਸ ‘ਚ ਪੀ.ਏ.ਯੂ. ਸਿਖਰ ‘ਤੇ ਰਹੀ ਹੈ। ਰਾਜ ਸਰਕਾਰਾਂ ਤੋਂ ਇਮਦਾਦ ਹਾਸਿਲ ਕਰਨ ਵਾਲੀਆਂ ਯੂਨੀਵਰਸਿਟੀਆਂ ‘ਚੋਂ ਕਿਸੇ ਨੇ ਵੀ ਪੀ.ਏ.ਯੂ. ਦੇ ਬਰਾਬਰ ਰੈਂਕਿੰਗ ਹਾਸਿਲ ਕਰਨ ਵਿਚ ਸਫਲਤਾ ਪ੍ਰਾਪਤ ਨਹੀਂ ਕੀਤੀ। ਸੰਸਥਾਵਾਂ ਦੇ ਮਾਮਲੇ ‘ਚ ਪੀ.ਏ.ਯੂ. ਦੀ ਰੈਂਕਿੰਗ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਭਾਰਤੀ ਖੇਤੀ ਖੋਜ ਸੰਸਥਾਨ ਤੋਂ ਬਾਅਦ ਰਹੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਈ.ਆਈ.ਆਰ.ਐਫ. ਦੀ ਰੈਂਕਿੰਗ ਵਿਚ ਪੀ.ਏ.ਯੂ. ਬੀਤੇ ਸਾਲਾਂ ਵਿਚ ਦੇਸ਼ ਦੀ ਸਿਖਰਲੀ ਖੇਤੀ ਯੂਨੀਵਰਸਿਟੀ ਦਾ ਦਰਜਾ ਬਰਕਰਾਰ ਰੱਖਦੀ ਆਈ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਨੂੰ ਯੂਨੀਵਰਸਿਟੀ ਵਲੋਂ ਤੈਅ ਕੀਤੀਆਂ ਸਫਲਤਾ ਦੀਆਂ ਮੰਜ਼ਿਲਾਂ ਦੀ ਅਗਲੇਰੀ ਪੌੜੀ ਕਿਹਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਖੇਤੀ ਖੋਜ, ਅਕਾਦਮਿਕਤਾ ਅਤੇ ਪਸਾਰ ਦਾ ਜੋ ਮਾਹੌਲ ਸਿਰਜਿਆ ਹੈ। ਉਸ ਨੇ ਵਿਗਿਆਨੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸੁਖਾਵਾਂਪਨ ਅਤੇ ਅਪਣੱਤ ਪ੍ਰਦਾਨ ਕੀਤੀ ਹੈ। ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਯੂਨੀਵਰਸਿਟੀ ਇਸੇ ਦਰਜਾਕਾਰੀ ਨੂੰ ਸਲਾਮਤ ਰੱਖੇਗੀ।