ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਵੈਲਹਿੰਗਮ, ਅਮਰੀਕਾ ਵੱਸਦੀ ਸਮਰੱਥ ਕਹਾਣੀ ਲੇਖਿਕਾ ਪਰਵੇਜ਼ ਸੰਧੂ ਦੇ ਕਹਾਣੀ ਸੰਗ੍ਰਹਿ “ਪਰ - ਹੀਣ ਪਰਿੰਦੇ’’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਦਾ ਇਹ ਸੱਜਰਾ ਕਹਾਣੀ ਸੰਗ੍ਰਹਿ ਸਾਨੂੰ ਪ੍ਰਦੇਸ਼ਾਂ ਵਿਚ ਜੀਅ ਰਹੇ ਬਜ਼ੁਰਗਾਂ ਦੀ ਪਿਛਲੀ ਉਮਰ ਦੇ ਸੰਘਰਸ਼ ਦਾ ਸ਼ੀਸ਼ਾ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਪਰਵੇਜ਼ ਦੇ ਇਸ ਤੋਂ ਪਹਿਲਾਂ ਛਪੇ ਕਹਾਣੀ ਸੰਗ੍ਰਹਿ “ਮੁੱਠੀ ਭਰ ਸੁਪਨੇ”, “ਟਾਹਣੀਆਂ ਟੁੱਟੇ”, “ਕੋਡ ਬਲੂ”, “ਬਲੌਰੀ ਅੱਖ ਵਾਲਾ ਮੁੰਡਾ” ਤੇ ਵਾਰਤਕ ਪੁਸਤਕ “ਕੰਙਣੀ” ਰਾਹੀਂ ਸਾਹਿਤ ਜਗਤ ਵਿਚ ਆਪਣਾ ਗਹਿਰ ਗੰਭੀਰਾ ਅਕਸ ਬਣਾ ਚੁੱਕੀ ਹੈ। ਪ੍ਰੋ. ਗਿੱਲ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬ ਭਵਨ ਦੇ ਵਿਹੜੇ ਵਿਚ ਹੋਈ ਇਕ ਪ੍ਰਭਾਵਸ਼ਾਲੀ ਇਕੱਤਰਤਾ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਸਥਾਪਿਤ ਨਾਮ ਪਰਵੇਜ਼ ਸੰਧੂ ਦੇ ਨਵਾਂ ਕਹਾਣੀ ਸੰਗ੍ਰਹਿ ‘ਪਰ - ਹੀਣ ਪਰਿੰਦੇ’ ਬਾਰੇ ਪੰਜਾਬੀ ਕਵੀ ਤੇ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਸੰਵੇਦਨਾ ਦਾ ਮਨੁੱਖੀ ਸਰੂਪ ਵੇਖਣਾ ਹੋਵੇ ਤਾਂ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਕਵੀ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਗੁਰਬੀਰ ਸਿੰਘ ਬਰਾੜ ਅਤੇ ਵਿਸ਼ਵ ਪੰਜਾਬੀ ਸਭਾ ਦੇ ਭਾਰਤੀ ਇਕਾਈ ਦੇ ਪ੍ਰਧਾਨ ਸਿਫ਼ਰ ਸਤਬੀਰ ਸਿੰਘ ਨੇ ਸਾਂਝੇ ਤੌਰ ‘ਤੇ ਨਿਭਾਈ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਵਲੋਂ ਆਏ ਮਹਿਮਾਨ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।