ਲੁਧਿਆਣਾ, 20 ਜੂਨ (ਭੁਪਿੰਦਰ ਸਿੰਘ ਬੈਂਸ)-ਹੈਬੋਵਾਲ ਇਲਾਕੇ ‘ਚ ਸਥਿਤ ਕੈਨਰਾ ਬੈਂਕ ਦੀ ਸ਼ਾਖਾ ਵਿਚ ਸਨਿਚਰਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਮੁੱਢਲੀ ਜਾਂਚ ਅਨੁਸਾਰ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਨੇ ਕੁੱਝ ਹੀ ਸਮੇਂ ਵਿਚ ਬੈਂਕ ਦੇ ਸਰਵਰ ਰੂਮ ਤੇ ਰਿਕਾਰਡ ਰੂਮ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਵੱਡੀ ਮਾਤਰਾ ਵਿਚ ਮਹੱਤਵਪੂਰਨ ਦਸਤਾਵੇਜ਼ ਤੇ ਰਿਕਾਰਡ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਿਕ ਸਵੇਰੇ ਇਕ ਰਾਹਗੀਰ ਨੇ ਬੈਂਕ ਦੀ ਇਮਾਰਤ ਵਿਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਤੁਰੰਤ ਆਸ-ਪਾਸ ਦੋ ਲੋਕਾਂ ਨੂੰ ਸੂਚਨਾ ਦਿੱਤੀ। ਇਸ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ। ਸਥਾਨਕ ਲੋਕਾਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਫੈਲਦੀ ਰਹੀ। ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾਉਣ ਲਈ 3 ਤੋਂ 4 ਟੈਂਡਰ ਲਗਾਏ ਗਏ। ਕਰੀਬ 45 ਮਿੰਟ ਦੀ ਕੜੀ ਮਸ਼ੱਕਤ ਤੋਂ ਬਾਅਦ ਫਾਇਰ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਅਤੇ ਇਸ ਨੂੰ ਬੈਂਕ ਦੇ ਹੋਰ ਹਿੱਸਿਆ ਤੱਕ ਫੈਲਣ ਤੋਂ ਰੋਕ ਦਿੱਤਾ। ਅਧਿਕਾਰੀਆਂ ਮੁਤਾਬਿਕ ਮੁੱਢਲੀ ਜਾਂਚ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਦਾ ਸ਼ੱਕ ਜਤਾਇਆ ਗਿਆ। ਸਮੇਂ ਸਿਰ ਕਾਰਵਾਈ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਕ ਵੱਡਾ ਹਾਦਸਾ ਟੱਲ ਗਿਆ। ਫ਼ਿਲਹਾਲ ਬੈਂਕ ਪ੍ਰਬੰਧਨ, ਪੁਲਿਸ ਅਤੇ ਫਾਇਰ ਵਿਭਾਗ ਵਲੋਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।