ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਢੋਲੇਵਾਲ ਪੁਲ ‘ਤੇ ਬੀਤੇ ਦਿਨ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਨੇ ਭਾਜਪਾ ਆਗੂ ਅਤੇ ਉਸ ਦੇ ਪੰਜ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਵਾਰਡ ਨੰਬਰ 30 ਦੇ ਕੌਂਸਲਰ ਨਿੱਕੂ ਭਾਰਤੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਵਿੱਕੀ ਸਹੋਤਾ ਉਸ ਦੇ ਭਰਾ ਰਕੇਸ਼ ਉਰਫ਼ ਟਿੱਡਾ, ਯਸ਼ ਸਹੋਤਾ ਤੇ ਉਸ ਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦੇ ਵਰਕਰਾਂ ਨੂੰ ਡਰਾ ਧਮਕਾ ਕੇ ਪੈਸੇ ਇਕੱਠੇ ਕਰਦੇ ਸਨ ਅਤੇ ਬੀਤੇ ਦਿਨ ਉਨ੍ਹਾਂ ਨੇ ਢੋਲੇਵਾਲ ਪੁਲ ਦੇ ਹੇਠਾਂ ਇਕ ਦੁਕਾਨ ਦੀ ਸਫ਼ਾਈ ਕਰਾ ਕੇ ਉੱਥੇ ਵਾਟਰ ਕੂਲਰ ਲਗਾਉਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਉਕਤ ਕਥਿਤ ਦੋਸ਼ੀ ਉੱਥੇ ਆ ਗਏ ਅਤੇ ਉਸ ਨਾਲ ਬਹਿਸ ਕਰਨ ਲੱਗ ਪਏ। ਕਥਿਤ ਦੋਸ਼ੀਆਂ ਵਲੋਂ ਉਨ੍ਹਾਂ ਨੂੰ ਵਾਟਰ ਕੂਲਰ ਲਗਾਉਣ ਤੋਂ ਰੋਕਿਆ ਗਿਆ, ਜਦੋਂ ਉਨ੍ਹਾਂ ਨੇ ਇਹਨਾਂ ਕਥਿਤ ਦੋਸ਼ੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ। ਸਿੱਟੇ ਵਜੋਂ ਉਸ ਦੇ ਸੱਟਾਂ ਲੱਗੀਆਂ। ਭਾਰਤੀ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਇਸ ਲੜਾਈ ਵਿਚ ਵਿੱਕੀ ਸਹੋਤਾ ਅਤੇ ਉਸ ਦੇ ਸਾਥੀਆਂ ਦੇ ਵੀ ਸੱਟਾਂ ਲੱਗੀਆਂ ਸਨ, ਪਰ ਪੁਲਿਸ ਵਲੋਂ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।