ਲੁਧਿਆਣਾ, 20 ਜੂਨ (ਜਸਵਿੰਦਰ ਸਿੰਘ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ. ਐਫ. ਯੂ. ਸੀ. ਟੀ. �.) ਵਲੋਂ ਪੀ. ਏ. ਯੂ. ਵਿਖੇ ਸੂਬੇ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਬੰਧਨ ਦੇ ਅੜੀਅਲ ਰਵੱਈਏ ਦਾ ਵਿਰੋਧ ਕਰਨ ਲਈ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ। ਪੀ. ਐਫ. ਯੂ. ਸੀ. ਟੀ. �. ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ: ਹਰਮੀਤ ਸਿੰਘ ਕਿੰਗਰਾ ਤੇ ਜਨਰਲ ਸਕੱਤਰ ਡਾ ਜਗਵੰਤ ਸਿੰਘ ਨੇ ਅਧਿਆਪਕ ਭਾਈਚਾਰੇ ਨੂੰ ਇਕਜੁੱਟ ਹੋ ਕੇ 22 ਜੂਨ ਨੂੰ ਸਵੇਰੇ 8.30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਸ ਰਾਜ ਪੱਧਰੀ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ), ਪੰਜਾਬੀ ਯੂਨੀਵਰਸਿਟੀ (ਪਟਿਆਲਾ), ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ (ਲੁਧਿਆਣਾ) ਅਤੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਅਧਿਆਪਕ ਹਿੱਸਾ ਲੈਣਗੇ। ਮੁੱਖ ਮੰਗਾਂ ਬਾਰੇ ਗੱਲ ਕਰਦਿਆਂ ਨੁਮਾਇੰਦਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਾਂਗ ਮਹਿੰਗਾਈ ਭੱਤੇ ਨੂੰ 60% ਤੱਕ ਬਹਾਲ ਕਰਨਾ ਅਤੇ ਸਾਰੇ ਰਹਿੰਦੇ ਬਕਾਏ ਦਾ ਤੁਰੰਤ ਭੁਗਤਾਨ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।