ਲੁਧਿਆਣਾ, 27 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਾਲ ਸਿੰਘ ਗਰੇਵਾਲ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਅਤੇ ਆਪ ਸਰਕਾਰ ਨੇ ਵੋਟਰਾਂ ਨੂੰ ਗੁੰਮਰਾਹ ਕਰਕੇ ਸਤਾ ਤਾਂ ਹਾਸਿਲ ਕਰ ਲਈ, ਪਰ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਰਕੇ ਜਿੱਥੇ ਸੂਬੇ ‘ਚ ਆਮ ਆਦਮੀ ਪਾਰਟੀ ਨੇ ਆਪਣਾ ਆਧਾਰ ਗੁਆ ਲਿਆ ਹੈ, ਉਥੇ ਹੀ ਭਾਜਪਾ ਵਲੋਂ ਕਾਲਾ ਧਨ ਵਾਪਸ ਲਿਆ ਕੇ, ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਤੋਂ ਲੋਕ ਨਾਖ਼ੁਸ਼ ਹਨ। ਇਸ ਕਰਕੇ ਸੂਬੇ ਅੰਦਰ 2027 ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਗਰੇਵਾਲ ਨੇ ਕਿਹਾ ਕਿ ਮੋਦੀ ਦੇ ਰਾਹ ਤੇ ਤੁਰੀ ਮੌਜੂਦਾ ਮਾਨ ਸਰਕਾਰ ਨੇ ਵੀ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਕ ਵੀ ਗਰੰਟੀ ਸਹੀ ਢੰਗ ਨਾਲ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 2022ਵਿਚ ਵੀ ਚੋਣਾਂ ਤੋਂ ਪਹਿਲਾਂ ਗਰੰਟੀਆਂ ਦੇ ਨਾਂਅ ‘ਤੇ ਮਹਿਲਾਵਾਂ ਨੂੰ ਖੱਜਲ ਖ਼ੁਆਰ ਕੀਤਾ ਗਿਆ ਸੀ ਤੇ ਹੁਣ ਫਿਰ 2027 ਦੀਆਂ ਚੋਣਾਂ ਨੂੰ ਦੇਖਦੇ ਹੋਏ ‘ਆਪ’ ਸਰਕਾਰ ਵਲੋਂ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਂਅ ਤੇ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਤਿੱਖੜ ਦੁਪਹਿਰੇ ਆਂਗਣਵਾੜੀ ਸੈਂਟਰਾਂ ਵਿਚ ਆਨ ਲਾਇਨ ਫਾਰਮ ਭਰਵਾਉਣ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ, ਕਿਉਂਕਿ ਜਿੱਥੇ ਆਂਗਣਵਾੜੀ ਸੈਂਟਰ ਚੱਲ ਰਹੇ ਹਨ, ਉਨ੍ਹਾਂ ਕੋਲ ਕੋਈ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਅਤੇ ਫਾਰਮ ਭਰਨ ਵਾਲੀ ਐਪ ਤੇ ਇਕ ਦਮ ਜ਼ਿਆਦਾ ਲੋਡ ਹੋਣ ਕਰਕੇ ਮਹਿਲਾਵਾਂ ਨੂੰ ਕਈ ਕਈ ਦਿਨ ਚੱਕਰ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।