ਭਾਮੀਆਂ ਕਲਾਂ, 27 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਪ੍ਰਿਥੀਪਾਲ ਸਿੰਘ ਭਾਮੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਮਰਥਕ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਬਾਜਵਾ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਚੁੱਕੇ ਹਨ ਅਤੇ ਪਿੰਡ ਪਿੰਡ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਟਿਕਟ ਦੀ ਰੱਦੋਬਦਲ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਜਿਹੀ ਕੋਹੀ ਵੀ ਗ਼ਲਤੀ ਨਹੀਂ ਕਰੇਗੀ, ਜਿਸ ਨਾਲ ਕਾਂਗਰਸ ਦਾ ਸਿੱਧੇ ਤੌਰ ’ਤੇ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਿਕਰਮ ਬਾਜਵਾ ਨੂੰ ਹੀ ਟਿਕਟ ਦੇ ਕੇ ਨਿਵਾਜੇਗੀ, ਕਿਉਂਕਿ ਵਿਕਰਮ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਨਾਲ ਵਿਚਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਪਿੰਡ ਨਹੀਂ ਹੋਵੇਗਾ, ਜਿਸ ਪਿੰਡ ਦੇ ਲੋਕ ਬਾਜਵਾ ਨੂੰ ਨਾ ਜਾਣਦੇ ਹੋਣ, ਕਿਉਂਕਿ ਉਹ ਹਰ ਇਕ ਦੇ ਦੁੱਖ ਸੁੱਖ ਵਿਚ ਸਰੀਕ ਹੁੰਦੇ ਹਨ। ਇਸ ਕਰਕੇ ਉਹ ਹਲਕੇ ਦੇ ਲੋਕਾਂ ਦੇ ਦਿਲਾਂ ਵਿਚ ਵੱਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਬਾਜਵਾ ਨੂੰ ਹੀ ਚੋਣ ਮੈਦਾਨ ਵਿਚ ਉਤਾਰੇਗੀ ਅਤੇ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ, ਕਿਉਂਕਿ ਜਿਹੜੇ ਵੀ ਕਾਂਗਰਸੀ ਦੂਜੀਆਂ ਪਾਰਟੀਆਂ ਵਿਚ ਸਿਆਸੀ ਲਾਹਾ ਲੈਣ ਗਏ ਹੋਏ ਹਨ, ਸਭ ਘਰ ਵਾਪਸੀ ਕਰ ਲੈਣਗੇ।