ਲੁਧਿਆਣਾ, 1 ਜੁਲਾਈ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਸਾਹਿਤਕ ਸੰਸਥਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਉੱਘੇ ਆਲੋਚਕ ਸਵ: ਹਰਬੰਸ ਸਿੰਘ ਧੀਮਾਨ ਅਤੇ ਸਵ: ਮਾਤਾ ਪ੍ਰੀਤਮ ਕੌਰ ਕਥੂਰੀਆ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪ੍ਰਿੰ. ਕ੍ਰਿਸ਼ਨ ਸਿੰਘ ਨੇ ਕਿਹਾ ਕਿ ਅਸੀਂ ਅੱਜ ਜੋ ਵੀ ਹਾਂ ਆਪਣੀ ਮਾਂ ਬੋਲੀ ਸਦਕਾ ਹੀ ਹਾਂ, ਸਾਨੂੰ ਕਿਸੇ ਵੀ ਸੂਰਤ ਵਿੱਚ ਇਸ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਬੋਲਣ ਤੋਂ ਕਿਉਂ ਭੱਜ ਰਹੇ ਹਾਂ, ਇਹ ਸਾਡੇ ਪੁਰਖਿਆਂ, ਗੁਰੂ ਸਾਹਿਬਾਨਾਂ ਅਤੇ ਪੀਰਾਂ ਫਕੀਰਾਂ ਦੀ ਭਾਸ਼ਾ ਹੈ। ਹੋਰ ਭਾਸ਼ਾਵਾਂ ਜਰੂਰ ਪੜ੍ਹੋ ਤੇ ਮੁਕਾਬਲੇ ਕਰੋ ਪਰ ਪੰਜਾਬੀ ਮਾਂ ਬੋਲੀ ਤੋਂ ਨਾ ਭੱਜੋ। ਉੱਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਕਿਹਾ ਕਿ ਹਮੇਸ਼ਾ ਆਪਣੀ ਮਾਂ ਬੋਲੀ ਦਾ ਸਤਿਕਾਰ ਅਤੇ ਪ੍ਰਚਾਰ ਕਰੋ ਤੇ ਟੁੱਟ ਰਹੀ ਨਵੀਂ ਪੀੜ੍ਹੀ ਨੂੰ ਵੀ ਸਹੀ ਸੇਧ ਦਿਓ। ਮਨਦੀਪ ਕੌਰ ਭੰਮਰਾ ਨੇ ਕਿਹਾ ਕਿ ਮਾਂ ਬੋਲੀ ਤੋਂ ਭੱਜਣਾ ਜਾਂ ਇਸ ਤੋਂ ਮੁੱਖ ਮੋੜਨਾ ਹਨ੍ਹੇਰੇ ਵੱਲ ਜਾਣ ਦੇ ਬਰਾਬਰ ਹੈ। ਅਮਰਜੀਤ ਸ਼ੇਰਪੁਰੀ ਨੇ ਸੰਗੀਤਕ ਰੂਪ ਵਿੱਚ ਮਾਂ ਬੋਲੀ ਦੀ ਤਾਰੀਫ਼ ਕੀਤੀ। ਉੱਘੇ ਸ਼ਾਇਰ ਕੇ ਸਾਧੂ ਸਿੰਘ ਅਤੇ ਤਰਲੋਚਨ ਝਾਂਡੇ ਨੇ ਵੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਪ੍ਰਿੰ ਕ੍ਰਿਸ਼ਨ ਸਿੰਘ , ਡਾ. ਕੋਚਰ, ਮਨਦੀਪ ਕੌਰ ਭੰਮਰਾ, ਕੇ ਸਾਧੂ ਸਿੰਘ, ਤਰਲੋਚਨ ਝਾਂਡੇ , ਅਮਰਜੀਤ ਸ਼ੇਰਪੁਰੀ, ਜਗਪਾਲ ਜੱਗਾ ਜਮਾਲਪੁਰ , ਗੁਰਦੀਪ ਸਿੰਘ , ਅਮਨ ਮਲਿਕਾ, ਡਾ. ਰਣਜੀਤ ਸਿੰਘ , ਸਤਵਿੰਦਰ ਥਰੀਕੇ, ਰਮਨ ਸਖੀ , ਦਰਸ਼ਣ ਸਿੰਘ ਢੋਲਣ, ਡਾ. ਅੰਜੂ ਅਮਨਦੀਪ ਗਰੋਵਰ ਨੇ ਰਚਨਾਵਾਂ ਰਾਹੀਂ ਕਾਵਿ ਮਹਿਫ਼ਿਲ ਵਿੱਚ ਚੰਗਾ ਰੰਗ ਬੰਨ੍ਹਿਆ। ਅੰਤ ਵਿੱਚ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਆਏ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।