ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਪਾਲ ਨਗਰ ਵਿਖੇ ਜਿੰਮ ਵਿਚ ਜ਼ਿਆਦਾ ਕਸਰਤ ਕਰਨ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਸ਼ਿਵਮ ਵਜੋਂ ਕੀਤੀ ਗਈ ਹੈ, ਉਹ ਗੋਪਾਲ ਨਗਰ ਦਾ ਰਹਿਣ ਵਾਲਾ ਸੀ ਅਤੇ ਉੱਥੇ ਨੇੜੇ ਹੀ ਇਕ ਜਿੰਮ ਵਿਚ ਕਸਰਤ ਕਰਨ ਲਈ ਜਾਂਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕੁੱਝ ਦਿਨ ਪਹਿਲਾਂ ਸ਼ਿਵਮ ਜਿੰਮ ਵਿਚ ਕਸਰਤ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੇ ਦੱਸਿਆ ਕਿ ਜਿੰਮ ਦੇ ਟਰੇਨਰ ਵਲੋਂ ਕੀਤੀ ਗਈ ਲਾਪਰਵਾਹੀ ਕਾਰਨ ਅਜਿਹਾ ਹੋਇਆ ਹੈ। ਸ਼ਿਵਮ ਨੂੰ ਪਹਿਲਾਂ ਸਥਾਨਕ ਹਸਪਤਾਲ ਵਿਚ ਲਿਆਂਦਾ ਗਿਆ, ਪਰ ਉਸ ਦੀ ਹਾਲਤ ਗੰਭੀਰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ, ਜਿੱਥੇ ਕਿ ਉਹ ਦਮ ਤੋੜ ਗਿਆ। ਸ਼ਿਵਮ ਦੀ ਮੌਤ ਕਾਰਨ ਰੋਹ ਵਿਚ ਆਏ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਲੋਂ ਅੱਜ ਜਿੰਮ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਜਿੰਮ ਟਰੇਨਰ ਵਲੋਂ ਕਸਰਤ ਕਰਨ ਸਮੇਂ ਸ਼ਿਵਮ ਨੂੰ ਸਿਖਲਾਈ ਦੇਣ ਵਿਚ ਲਾਪਰਵਾਹੀ ਕੀਤੀ ਗਈ ਹੈ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਦੀ ਇਕ ਨੱਸ ਦੱਬ ਗਈ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ। ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਥਾਣਾ ਟਿੱਬਾ ਦੇ ਐਸ.ਐਚ.ਓ. ਬਲਵੀਰ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਰ ਵੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਜਿੰਮ ਵਿਚ ਜ਼ਿਆਦਾ ਕਸਰਤ ਕਰਨ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
06-07-2026