ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅੱਜ ਦੇ ‘ਆਪ੍ਰੇਸ਼ਨ ਪ੍ਰਹਾਰ 3’ ਤਹਿਤ 100 ਤੋਂ ਵੱਧ ਵਿਅਕਤੀਆਂ ਨੂੰ ਵੱਖ-ਵੱਖ- ਥਾਵਾਂ ’ਤੋਂ ਗ੍ਰਿਫ਼ਤਾਰ ਕਰ ਲਿਆ। ਇਹਨਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ, ਹਥਿਆਰ ਅਤੇ ਸ਼ਰਾਬ ਤੋਂ ਇਲਾਵਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਵਿਸ਼ੇਸ਼ ਆਪ੍ਰੇਸ਼ਨ ਦੀ ਅਗਵਾਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਖੁਦ ਕਰ ਰਹੇ ਸਨ। ਇਹ ਮੁਹਿੰਮ ਕਮਿਸ਼ਨਰੇਟ ਭਰ ਵਿਚ ਅਪਰਾਧੀਆਂ, ਭਗੌੜਿਆਂ, ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਕਸਦ ਨਾਲ ਚਲਾਈ ਗਈ ਸੀ। ਪੁਲਿਸ ਕਮਿਸ਼ਨਰ ਨੇ ਖੁਦ ਫ਼ੀਲਡ ਵਿਚ ਜਾ ਕੇ ਛਾਪੇਮਾਰੀਆਂ ਦਾ ਨਿਰੀਖਣ ਕੀਤਾ ਅਤੇ ਸ਼ਹਿਰ ਦੀਆਂ ਵੱਖ- ਵੱਖ ਥਾਵਾਂ ’ਤੇ ਲਗਾਏ ਗਏ ਨਾਕਿਆਂ ਦੀ ਜਾਂਚ ਕੀਤੀ ਤਾਂ ਜੋ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ 166 ਥਾਵਾਂ ’ਤੇ ਛਾਪਾਮਾਰੀ ਕੀਤੀ, ਜਿਸ ਤਹਿਤ 44 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਕੁੱਲ 132 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਇਹਨਾਂ ਵਿਚੋਂ 106 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 62 ਵਿਅਕਤੀਆਂ ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਹਿਰਾਸਤ ਵਿਚ ਲਿਆ ਗਿਆ ਅਤੇ 3 ਭਗੌੜਿਆਂ ਨੂੰ ਕਾਬੂ ਕੀਤਾ ਗਿਆ। ਇਸ ਮੁਹਿੰਮ ਦੌਰਾਨ 102.45 ਗ੍ਰਾਮ ਹੈਰੋਇਨ, 19 ਕਿੱਲੋ ਗਾਂਜਾ, 135 ਨਸ਼ੀਲੀਆਂ ਗੋਲੀਆਂ, 2 ਹਥਿਆਰ, 2 ਜ਼ਿੰਦਾ ਕਾਰਤੂਸ, 15 ਮੋਟਰਸਾਈਕਲ, 3 ਮੋਬਾਈਲ ਫ਼ੋਨ, 43 ਪੇਟੀਆਂ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੁਹਰਾਇਆ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਪਰਾਧੀ ਅਨਸਰਾਂ ਨੂੰ ਸ਼ਹਿਰ ਵਿਚ ਕੋਈ ਪਨਾਹ ਨਾ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਅਜਿਹੀਆਂ ਖ਼ੁਫ਼ੀਆ ਆਧਾਰਿਤ ਕਾਰਵਾਈਆਂ ਜਾਰੀ ਰਹਿਣਗੀਆਂ। ਪੁਲਿਸ ਵਲੋਂ ਇਸ ਛਾਪਾਮਾਰੀ ਦੌਰਾਨ ਬਾਹਰਲੇ ਸ਼ਹਿਰਾਂ ਤੋਂ ਵੀ ਪੁਲਿਸ ਫੋਰਸ ਮੰਗਵਾਈ ਗਈ ਸੀ। ਇਹ ਖ਼ਾਸ ਆਪ੍ਰੇਸ਼ਨ ਅੱਜ ਤੜਕੇ ਸ਼ੁਰੂ ਕੀਤਾ ਗਿਆ, ਜੋ ਕਿ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਇਸ ਆਪ੍ਰੇਸ਼ਨ ਦੌਰਾਨ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਖੁਦ ਵੱਖ-ਵੱਖ ਥਾਵਾਂ ’ਤੇ ਜਾ ਕੇ ਤਲਾਸ਼ੀ ਲੈਂਦੇ ਦਿਖਾਈ ਦਿੱਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ।
‘ਆਪ੍ਰੇਸ਼ਨ ਪ੍ਰਹਾਰ 3’ ਪੁਲਿਸ ਵਲੋਂ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ ਦੌਰਾਨ 100 ਤੋਂ ਵੱਧ ਗ੍ਰਿਫ਼ਤਾਰ
ਅਜੀਤ ਡੈਸਕ
06-07-2026